ਭਤੀਜੇ ਨੇ ਰੰਜਿਸ਼ ਕਾਰਨ ਚਾਚੇ ਦੀ ਦੁਕਾਨ ’ਚ ਬੰਬ ਰੱਖਿਆ
ਟਾਈਮਰ ਸਹੀ ਨਾ ਲੱਗਣ ਕਾਰਨ ਬਚਾਅ; ਪੁਲੀਸ ਵੱਲੋਂ ਦੋ ਮੁਲਜ਼ਮ ਕਾਬੂ
ਇੱਥੇ ਬਸਤੀ ਜੋਧੇਵਾਲ ਮੇਨ ਰੋਡ ’ਤੇ ਅਟੈਚੀਆਂ ਦੀ ਦੁਕਾਨ ’ਚੋਂ ਨੀਲੇ ਰੰਗ ਦੇ ਲਿਫ਼ਾਫ਼ੇ ਵਿੱਚ ਰੱਖਿਆ ਆਈਈਡੀ ਬੰਬ ਮਿਲਿਆ ਹੈ, ਜੋ ਕਿ ਨੌਜਵਾਨ ਨੇ ਆਪਣੇ ਚਾਚੇ ਦੀ ਦੁਕਾਨ ਨੂੰ ਉਡਾਉਣ ਲਈ ਰੱਖਿਆ ਸੀ। ਨੌਜਵਾਨ ਨੇ 20 ਸਤੰਬਰ ਨੂੰ ਇਸ ਦਾ ਟਾਈਮਰ ਸੈੱਟ ਕੀਤਾ ਸੀ ਪਰ ਇਹ ਟਾਈਮਰ ਸਹੀ ਸੈੱਟ ਨਹੀਂ ਹੋਇਆ ਅਤੇ ਬਚਾਅ ਹੋ ਗਿਆ। ਬੀਤੀ ਰਾਤ ਦੁਕਾਨ ਮਾਲਕ ਨੇ ਪੈਟਰੋਲ ਦੀ ਬਦਬੂ ਆਉਣ ਤੋਂ ਬਾਅਦ ਨੇੜਲੇ ਦੁਕਾਨਦਾਰਾਂ ਨੂੰ ਇਕੱਠਾ ਕਰ ਕੇ ਇਹ ਲਿਫ਼ਾਫ਼ਾ ਬਾਹਰ ਰੱਖਵਾਇਆ। ਅੱਜ ਜਦੋਂ ਪੁਲੀਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਆਈਈਡੀ ਬੰਬ ਹੈ, ਜਿਸ ਨੂੰ ਅਜੈ ਅਟੈਚੀ ਸਟੋਰ ਦੇ ਮਾਲਕ ਦੇ ਭਤੀਜੇ ਸੋਨੂੰ ਨੇ ਆਪਣੀ ਖੁੰਧਕ ਕੱਢਣ ਲਈ ਦੋਸਤ ਦੀ ਮਦਦ ਨਾਲ ਦੁਕਾਨ ’ਚ ਰੱਖਿਆ ਸੀ। ਜਾਣਕਾਰੀ ਅਨੁਸਾਰ ਨੀਲੇ ਲਿਫ਼ਾਫੇ ’ਚੋਂ ਗੱਤੇ ਦਾ ਡੱਬਾ, ਦੋ ਬੈਟਰੀ ਸੈੱਲ, ਇੱਕ ਛੋਟੀ ਘੜੀ, ਇੱਕ ਛੋਟੀ ਮੋਟਰ, ਤਾਰਾਂ, ਪੈਟਰੋਲ ਦੇ ਸੱਤ ਪੈਕੇਟ (5 ਤੋਂ 6 ਲਿਟਰ ਪੈਟਰੋਲ ) ਅਤੇ ਲਗਪਗ 15-20 ਗ੍ਰਾਮ ਹਲਕਾ ਪੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ। ਪੁਲੀਸ ਨੇ ਜਾਂਚ ਤੋਂ ਬਾਅਦ ਅਜੈ ਕੁਮਾਰ ਦੀ ਸ਼ਿਕਾਇਤ ’ਤੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਦੀ ਪਛਾਣ ਸੋਨੂੰ ਕੁਮਾਰ (19) ਤੇ ਉਸ ਦੇ ਸਾਥੀ ਮੁਹੰਮਦ ਆਮਿਰ (30) ਵਜੋਂ ਹੋਈ ਹੈ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਅਜੈ ਕੁਮਾਰ ਦੀ ਇੱਕ ਬੈਗ ਦੀ ਦੁਕਾਨ ਸੀ ਅਤੇ ਮੁਲਜ਼ਮ ਸੋਨੂੰ ਉਸ ਲਈ ਕੰਮ ਕਰਦਾ ਸੀ। ਲਗਪਗ ਛੇ ਮਹੀਨੇ ਪਹਿਲਾਂ ਮੁਲਜ਼ਮ ਸੋਨੂੰ ਦਾ ਆਪਣੇ ਚਾਚੇ ਨਾਲ ਝਗੜਾ ਹੋਇਆ ਸੀ ਤੇ ਉਸ ਤੋਂ ਬਾਅਦ ਆਪਣਾ ਵੱਖਰਾ ਕੰਮ ਕਰਨ ਲੱਗ ਗਿਆ। ਉਸ ਨੇ ਥੋੜ੍ਹੀ ਦੂਰੀ ’ਤੇ ਇੱਕ ਦੁਕਾਨ ਕਿਰਾਏ ’ਤੇ ਲਈ ਸੀ। ਉਹ ਆਪਣੇ ਚਾਚੇ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਚਾਚੇ ਨਾਲ ਦੁਸ਼ਮਣੀ ਕੱਢਣ ਲਈ ਉਸ ਦੀ ਦੁਕਾਨ ਨੂੰ ਉਡਾਉਣ ਦੀ ਸਾਜ਼ਿਸ਼ ਘੜੀ। ਸੋਨੂੰ ਦਾ ਆਪਣੇ ਚਾਚੇ ਨਾਲ ਸੱਠ ਹਜ਼ਾਰ ਰੁਪਏ ਦਾ ਲੈਣ ਦੇਣ ਵੀ ਸੀ, ਜਿਸ ਕਰਕੇ ਦੋਵਾਂ ਵਿੱਚ ਝਗੜਾ ਸੀ। ਸੋਨੂੰ ਨੇ ਆਪਣੇ ਸਾਥੀ ਰਾਹੀਂ ਮੁਹੰਮਦ ਆਮਿਰ ਦੇ ਨਾਲ ਸੰਪਰਕ ਕੀਤਾ ਤੇ ਉਸ ਤੋਂ ਬੰਬ ਬਣਾਉਣ ਦਾ ਸਾਮਾਨ ਮੰਗਵਾਇਆ। ਮੁਲਜ਼ਮ ਨੇ ਬੰਬ ਬਣਾਉਣ ਦਾ ਕੰਮ ਲਗਪਗ ਪੂਰਾ ਕਰ ਲਿਆ ਸੀ ਪਰ ਤਾਰਾਂ ਸਹੀ ਢੰਗ ਨਾਲ ਨਹੀਂ ਜੁੜੀਆਂ ਹੋਈਆਂ ਸਨ ਜਿਸ ਨਾਲ ਧਮਾਕਾ ਹੋਣ ਤੋਂ ਬਚਾਅ ਹੋ ਗਿਆ। ਯੋਜਨਾ ਅਨੁਸਾਰ ਮੁਹੰਮਦ ਆਮਿਰ ਨੇ 20 ਸਤੰਬਰ ਦੀ ਸ਼ਾਮ ਨੂੰ ਅਜੈ ਦੀ ਦੁਕਾਨ ਤੋਂ ਪੰਜ ਸੌ ਰੁਪਏ ਐਡਵਾਂਸ ਦੇ ਕੇ ਅਟੈਚੀ ਖਰੀਦੀ ਸੀ ਜੋ ਉਸ ਨੇ ਉਥੇ ਹੀ ਰੱਖ ਦਿੱਤੀ ਅਤੇ ਬਹਾਨੇ ਨਾਲ ਉਸ ਦੀ ਦੁਕਾਨ ਵਿੱਚ ਬੰਬ ਵਾਲਾ ਲਿਫ਼ਾਫ਼ਾ ਵੀ ਰੱਖ ਦਿੱਤਾ। ਕੱਲ੍ਹ ਰਾਤ ਜਦੋਂ ਅਜੈ ਆਪਣੀ ਦੁਕਾਨ ਬੰਦ ਕਰ ਰਿਹਾ ਸੀ ਤਾਂ ਉਸ ਨੂੰ ਲਿਫ਼ਾਫ਼ੇ ਵਿੱਚੋਂ ਪੈਟਰੋਲ ਦੀ ਬਦਬੂ ਆਉਣ ਲੱਗੀ। ਅਜੈ ਨੇ ਇਮਾਰਤ ਦੇ ਮਾਲਕ ਅਤੇ ਮਾਰਕੀਟ ਦੇ ਪ੍ਰਧਾਨ ਨੂੰ ਫੋਨ ਕੀਤਾ। ਜਦੋਂ ਉਨ੍ਹਾਂ ਨੇ ਇਹ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਮਗਰੋਂ ਪਹੁੰਚੀ ਪੁਲੀਸ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲਿਆ ਸੀ। ਅੱਜ ਜਾਂਚ ਮਗਰੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।