ਇਥੋਂ ਦੇ ਵਾਰਡ ਨੰਬਰ 6 ਵਾਸੀ ਅਮਨਦੀਪ ਸਿੰਘ (45) ਦਾ ਕਤਲ ਕਰ ਦਿੱਤਾ ਗਿਆ। ਅਮਨਦੀਪ ਦੀ ਪਤਨੀ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਗੁਆਂਢੀ ਵਰਿੰਦਰ ਸਿੰਘ ਵਿੱਕੀ ਨੇ ਉਸ ਦੇ ਪਤੀ ਨੂੰ ਗਾਲ੍ਹਾਂ ਕੱਢੀਆਂ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਬਾਰੇ ਉਨ੍ਹਾਂ ਨੇ ਤੁਰੰਤ ਖਮਾਣੋਂ ਪੁਲੀਸ ਨੂੰ ਸੂਚਨਾ ਦੇ ਦਿੱਤੀ ਸੀ। ਅੱਜ ਸਵੇਰੇ ਜਦੋਂ ਅਮਨਦੀਪ ਸਿੰਘ ਆਪਣੇ ਕੁੱਤੇ ਨੂੰ ਘੁਮਾਉਣ ਲਈ ਗਿਆ ਤਾਂ ਗੁਆਂਢੀ ਵਿੱਕੀ ਨੇ ਅਮਨਦੀਪ ਸਿੰਘ ਦੀ ਕੁੱਟਮਾਰ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਜ਼ਖ਼ਮੀ ਹਾਲਤ ’ਚ ਪਹਿਲਾਂ ਸਿਵਲ ਹਸਪਤਾਲ ਖਮਾਣੋਂ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੇ ਮਾਪਿਆਂ, ਰਿਸ਼ਤੇਦਾਰਾਂ ਅਤੇ ਮੁਹੱਲਾ ਵਾਸੀਆਂ ਨੇ ਇਨਸਾਫ਼ ਦੀ ਮੰਗ ਕਰਦਿਆਂ ਇੱਥੇ ਹਾਈਵੇਅ ’ਤੇ ਪਿੱਪਲੀ ਨਜ਼ਦੀਕ ਆਵਾਜਾਈ ਜਾਮ ਕਰ ਦਿੱਤੀ। ਉਨ੍ਹਾਂ ਇਸ ਘਟਨਾ ਲਈ ਸਥਾਨਕ ਪੁਲੀਸ ਨੂੰ ਵੀ ਜ਼ਿੰਮੇਵਾਰ ਦੱਸਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇ ਪੁਲੀਸ ਰਾਤ ਵੇਲੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਦੀ ਤਾਂ ਇਹ ਮੌਤ ਨਾ ਹੁੰਦੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ।
ਡੀ ਐੱਸ ਪੀ ਖਮਾਣੋ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਡੀ ਐੱਸ ਪੀ ਬਸੀ ਪਠਾਣਾਂ ਰਾਜ ਕੁਮਾਰ ਨੇ ਧਰਨਾਕਾਰੀਆਂ ਨੂੰ ਕਾਤਲ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ। ਐੱਸ ਪੀ ਜਸਕੀਰਤ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।