DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਉਣ ਖ਼ਿਲਾਫ਼ ਇਕਜੁੱਟ ਹੋਣ ਦੀ ਲੋੜ: ਡਾ. ਨਵਸ਼ਰਨ

ਮੁਹੰਮਦ ਯੂਸਫ਼ ਤਾਰੀਗਾਮੀ ਨੇ ਵੀ ਕੀਤਾ ਸੰਬੋਧਨ; ਗ਼ਦਰੀ ਬਾਬਿਆਂ ਦੇ ਮੇਲੇ ਦੀ ਰਾਤ ਯਾਦਗਾਰੀ ਹੋ ਨਿੱਬਡ਼ੀ

  • fb
  • twitter
  • whatsapp
  • whatsapp
featured-img featured-img
ਮੇਲੇ ਦੇ ਆਖਰੀ ਦਿਨ ਨਾਟਕ ਪੇਸ਼ ਕਰਦੇ ਹੋਏ ਕਲਾਕਾਰ।
Advertisement

ਹਤਿੰਦਰ ਮਹਿਤਾ

ਤਿੰਨ ਰੋਜ਼ਾ ਗ਼ਦਰੀ ਬਾਬਿਆਂ ਦੇ ਮੇਲੇ ਦੀ ਆਖ਼ਰੀ ਰਾਤ ਚੇਤਨਾ, ਸੰਗਰਾਮ ਅਤੇ ਮੁਕਤੀ ਦਾ ਪੈਗ਼ਾਮ ਵੰਡਦੇ ਚਾਨਣ ਨਾਲ ਰੁਸ਼ਨਾ ਗਈ। ਪ੍ਰੋ. ਅਜਮੇਰ ਸਿੰਘ ਔਲਖ ਦੇ ਲਿਖੇ ਤੇ ਅਜਮੀਤ ਔਲਖ ਵੱਲੋਂ ਨਿਰਦੇਸ਼ਤ ਨਾਟਕ ‘ਤੂੰ ਚਰਚਾ ਘੂਕਦਾ ਰੱਖ ਜਿੰਦੇ’ ਦਾ ਮੰਚਨ ਲੋਕ ਕਲਾ ਮੰਚ ਮਾਨਸਾ ਦੀ ਟੀਮ ਨੇ ਕੀਤਾ। ਮਾਲਾ ਹਾਸ਼ਮੀ ਦੀ ਨਿਰਦੇਸ਼ਨਾ ਹੇਠ ਜਨ ਨਾਟਿਆ ਮੰਚ ਦਿੱਲੀ ਦੇ ਕਲਾਕਾਰਾਂ ਨੇ ‘ਏਕ ਬੇਰੁਜ਼ਗਾਰ ਕੀ ਅਧੂਰੀ ਲਵ ਸਟੋਰੀ’ ਨਾਟਕ ਰਾਹੀਂ ਹਕੂਮਤੀ ਦਰਬਾਰ ਦੇ ਲੋਕਾਂ ਨਾਲ ਕੀਤੇ ਜਾਂਦੇ ਛਲਾਵਿਆਂ ਬਾਰੇ ਚਾਨਣਾ ਪਾਇਆ।

Advertisement

ਨਾਟਕਾਂ ਦੀ ਰਾਤ ਸ਼ੁਰੂ ਹੋਣ ਤੋਂ ਪਹਿਲਾਂ ਦਿਨ ਦੇ ਮੁੱਖ ਬੁਲਾਰੇ ਮੁਹੰਮਦ ਯੂਸਫ਼ ਤਾਰੀਗਾਮੀ ਅਤੇ ਡਾ. ਨਵਸ਼ਰਨ ਨੇ ਮੁਲਕ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਤਾਬਾਂ ’ਤੇ ਪਾਬੰਦੀ ਲਾਉਣ ਅਤੇ ਜਮਹੂਰੀ ਹੱਕਾਂ ਦੇ ਘਾਣ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਅਗਲੇ ਦਿਨਾਂ ’ਚ ਬੁੱਧੀਜੀਵੀ ਵਰਗ ਅਤੇ ਯੂਨੀਵਰਸਿਟੀਆਂ ਨੂੰ ਚੋਣਵਾਂ ਨਿਸ਼ਾਨਾ ਬਣਾਏ ਜਾਣ ਤੋਂ ਚੌਕਸ ਕਰਦਿਆਂ ਜਨਤਕ ਤੌਰ ’ਤੇ ਆਵਾਜ਼ ਲਾਮਬੰਦ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਮੰਚ ਰੰਗ ਅੰਮ੍ਰਿਤਸਰ ਵੱਲੋਂ ਖੇਡਿਆ ਨਾਟਕ ‘ਸਾਂਦਲਬਾਰ’ ਬਰਤਾਨਵੀ ਸਾਮਰਾਜ ਮੌਕੇ ਲੋਕਾਂ ਦੇ ਜ਼ਮੀਨਾਂ ਤੋਂ ਕੀਤੇ ਉਜਾੜੇ ਕਾਰਨ ਉਤਪੰਨ ਪੈਦਾ ਹੋਈ ਦਾਸਤਾਂ ਨੂੰ ਪੇਸ਼ ਕਰਨ ’ਚ ਸਫ਼ਲ ਰਿਹਾ। ਡਾ. ਸਾਹਿਬ ਸਿੰਘ ਦਾ ਲਿਖਿਆ ਤੇ ਨਿਰਦੇਸ਼ਿਤ ਨਾਟਕ ‘ਤੂੰ ਅਗਲਾ ਵਰਕਾ ਫੋਲ’ ਉਨ੍ਹਾਂ ਦੀ ਹੀ ਅਦਾਕਾਰੀ ’ਚ ਗਹਿਰ ਗੰਭੀਰ ਸੰਵੇਦਨਾਵਾਂ ਨੂੰ ਝੰਜੋੜਨ ਵਿੱਚ ਸਫ਼ਲ ਰਿਹਾ। ਗੁਰਸ਼ਰਨ ਸਿੰਘ ਦੁਆਰਾ ਲਿਖਿਆ ਹੜ੍ਹ ਪੀੜ੍ਹਤਾਂ ਦਾ ਦਰਦ ਬਿਆਨਦਾ ਨਾਟਕ ‘ਰਾਹਤ’ ਚੰਡੀਗੜ੍ਹ ਸਕੂਲ ਆਫ਼ ਡਰਾਮਾ ਦੀ ਟੀਮ ਨੇ ਏਕੱਤਰ ਦੀ ਨਿਰਦੇਸ਼ਨਾ ’ਚ ਖੇਡਿਆ। ਇਪਟਾ ਮੋਗਾ ਦੇ ਅਵਤਾਰ ਚੜਿੱਕ ਅਤੇ ਉਸ ਦੇ ਸਾਥੀ ਨੇ ਬਹੁਤ ਹੀ ਸਾਰਥਕ ਅਤੇ ਅਰਥ ਭਰਪੂਰ ਵਿਅੰਗ ਕੱਸੇ। ਭੰਡ ਕਲਾ ਦੀ ਇਸ ਵਿਧਾ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ।

Advertisement

ਗੀਤਾਂ ਭਰੀ ਰਾਤ ਮੌਕੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਲੋਕ ਸੰਗੀਤ ਮੰਡਲੀ ਮਸਾਣੀ, ਛਤੀਸਗੜ੍ਹ ਤੋਂ ਆਈ ਸੰਗੀਤ ਮੰਡਲੀ, ਪ੍ਰੋਗਰੈਸਿਵ ਆਰਟਿਸਟਸ ਲੀਗ ਨਵੀਂ ਦਿੱਲੀ, ਲੋਕ ਸੰਗੀਤ ਮੰਡਲੀ ਮਸਾਣੀ, ਧਰਮਿੰਦਰ ਮਸਾਣੀ, ਸ਼ਬਦੀਸ਼, ਤਾਰੀ ਅਟਵਾਲ ਇੰਗਲੈਂਡ, ਮਾਨਵਤਾ ਕਲਾ ਮੰਚ ਨਗਰ ਦੀ ਕਲਾਕਾਰ ਨਰਗਿਸ, ਕਮਲਦੀਪ ਜਲੂਰ, ਤਮੰਨਾ ਅਤੇ ਕੋਮਲ, ਪ੍ਰੋ. ਲਾਲ ਬਹਾਦਰ, ਜਸਪਾਲ ਜੱਸੀ, ਅੰਮ੍ਰਿਤਪਾਲ ਬੰਗੇ ਬਠਿੰਡਾ ਨੇ ਰੰਗ ਬੰਨ੍ਹੇ।

ਨਾਟਕਾਂ ਅਤੇ ਗੀਤਾਂ ਭਰੀ ਰਾਤ ਦੇ ਸਮਾਗਮ ਨੂੰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸੰਬੋਧਨ ਕਰਦਿਆਂ ਤਿੰਨ ਰੋਜ਼ਾ ਸਫ਼ਲ ਮੇਲੇ ’ਤੇ ਮੁਬਾਰਕਵਾਦ ਦਿੱਤੀ। ਉਨ੍ਹਾਂ 1984 ਦੌਰਾਨ ਦਿੱਲੀ ’ਚ ਸਿੱਖਾਂ ਤੇ ਪੰਜਾਬ ’ਚ ਹਿੰਦੂਆਂ ਅਤੇ ਕਮਿਊਨਿਸਟਾਂ ਨੂੰ ਨਿਸ਼ਾਨਾ ਬਣਾਏ ਜਾਣ ਖ਼ਿਲਾਫ਼ ਹੱਥ ਖੜ੍ਹੇ ਕਰਵਾ ਕੇ ਮਤਾ ਪਾਸ ਕੀਤਾ। ਪੰਜਾਬੀ ਰੰਗ ਮੰਚ ਅਤੇ ਸੱਭਿਆਚਾਰਕ ਉਤਸਵਾਂ ਵਿੱਚ ਨਵਾਂ ਵਰਕਾ ਜੜਨ ਦਾ ਕੰਮ ਕਰਨ ਵਾਲੇ ਗ਼ਦਰੀ ਬਾਬਿਆਂ ਦੇ ਮੇਲੇ ਦੀ ਸਫ਼ਲਤਾ ਲਈ ਕਮੇਟੀ ਨੇ ਬਾਹਰੋਂ ਆਏ ਮੇਲਾ ਪ੍ਰੇਮੀਆਂ ਅਤੇ ਪੰਜਾਬ ਦੀਆਂ ਸਮੁੱਚੀਆਂ ਲੋਕ ਪੱਖੀ ਸੰਸਥਾਵਾਂ ਅਤੇ ਲੋਕਾਂ ਦਾ ਧੰਨਵਾਦ ਕੀਤਾ। ਰਾਤ ਦੇ ਸਮਾਗਮ ਦਾ ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।

Advertisement
×