ਐੱਨ ਡੀ ਏ ਪ੍ਰੀਖਿਆ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 47 ਕੈਡਿਟ ਪਾਸ
ਅਮਨ ਅਰੋਡ਼ਾ ਵੱਲੋਂ ਕੈਡਿਟਾਂ ਨੂੰ ਵਧਾਈ
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਦੇ 47 ਕੈਡਿਟਾਂ ਨੇ ਐੱਨ ਡੀ ਏ-156 ਕੋਰਸ ਲਈ ਨੈਸ਼ਨਲ ਡਿਫੈਂਸ ਅਕੈਡਮੀ (ਐੱਨ ਡੀ ਏ) ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ। ਇਸ ਸਬੰਧੀ ਯੂ ਪੀ ਐੱਸ ਸੀ ਵੱਲੋਂ ਬੀਤੇ ਦਿਨੀਂ ਨਤੀਜੇ ਐਲਾਨੇ ਗਏ ਹਨ। ਇਹ ਕੋਰਸ ਜੂਨ 2026 ਵਿੱਚ ਸ਼ੁਰੂ ਹੋਵੇਗਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਐੱਨ ਡੀ ਏ ਲਿਖਤੀ ਪ੍ਰੀਖਿਆ ਦੇਣ ਵਾਲੇ ਇਸ ਸੰਸਥਾ ਦੇ 57 ਕੈਡਿਟਾਂ ਵਿੱਚੋਂ ਪਾਸ 47 ਕੈਡਿਟਾਂ ਨੇ 82.45 ਫ਼ੀਸਦੀ ਅੰਕ ਹਾਸਲ ਕੀਤੇ ਹਨ। ਸੰਸਥਾ ਵੱਲੋਂ ਐੱਨ ਡੀ ਏ ਪ੍ਰੀਖਿਆਵਾਂ ਲਈ ਪ੍ਰਾਪਤ ਕੀਤੀ ਹੁਣ ਤੱਕ ਦੀ ਸਭ ਤੋਂ ਵੱਧ ਸਫ਼ਲਤਾ ਦਰ ਹੈ। ਕੈਡਿਟਾਂ ਨੂੰ ਵਧਾਈ ਦਿੰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਇਹ ਕੈਡਿਟ ਪੰਜਾਬ ਦਾ ਮਾਣ ਹਨ। ਉਨ੍ਹਾਂ ਪਾਸ ਆਊਟ ਕੈਡਿਟਾਂ ਨੂੰ ਐੱਸ ਐੱਸ ਬੀ ਇੰਟਰਵਿਊ ਅਤੇ ਟ੍ਰੇਨਿੰਗ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐੱਚ ਚੌਹਾਨ, ਵੀ ਐੱਸ ਐੱਮ ਨੇ ਕਿਹਾ ਕਿ ਕੈਡਿਟ ਹੁਣ ਜਲਦੀ ਹੀ ਆਪਣਾ ਸਰਵਿਸਿਜ਼ ਸਿਲੈਕਸ਼ਨ ਬੋਰਡ (ਐੱਸ ਐੱਸ ਬੀ) ਇੰਟਰਵਿਊ ਦੇਣਗੇ। ਉਨ੍ਹਾਂ ਨੇ ਸੰਸਥਾ ਦੇ ਸਟਾਫ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਸਮਰਪਿਤ ਯਤਨਾਂ ਲਈ ਵਧਾਈ ਦਿੱਤੀ। ਇਸੇ ਦੌਰਾਨ ਸ਼ੈਮਰੌਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 69 ਦੇ ਚੇਅਰਮੈਨ ਅਮਰਜੀਤ ਸਿੰਘ ਬਾਜਵਾ ਤੇ ਇੰਸਟੀਚਿਊਟ ਦੇ ਡਾਇਰੈਕਟਰ ਚੌਹਾਨ ਨੇ ਐੱਨ ਡੀ ਏ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਦੋਵਾਂ ਸੰਸਥਾਵਾਂ ਦੀ ਭਾਈਵਾਲੀ ਨੂੰ ਸਾਰਥਿਕ ਦੱਸਦਿਆਂ ਹਰ ਵਰ੍ਹੇ ਨਤੀਜੇ ਦੀ ਵਧ ਰਹੀ ਪਾਸ ਫ਼ੀਸਦੀ ਦਰ ਦੀ ਸ਼ਲਾਘਾ ਕੀਤੀ।