ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨ ਸੀ ਈ ਆਰ ਟੀ) ਵੱਲੋਂ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਆਨਲਾਈਨ ਕੋਚਿੰਗ ਦਿੱਤੀ ਜਾਵੇਗੀ। ਇਸ ਦੌਰਾਨ ਐੱਨ ਸੀ ਈ ਆਰ ਟੀ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰਵਾਏਗਾ। ਇਸ ਪ੍ਰਾਜੈਕਟ ਦੇ ਸਫ਼ਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ ਇਸ ਦਾ ਦਾਇਰਾ ਵਧਾਉਣ ਦੀ ਯੋਜਨਾ ਹੈ। ਐੱਨ ਸੀ ਈ ਆਰ ਟੀ ਵੱਲੋਂ ਇਹ ਕੋਚਿੰਗ ਦੇਣ ਲਈ 22 ਸਤੰਬਰ ਤੋਂ ਰਜਿਸਟਰੇਸ਼ਨ ਖੋਲ੍ਹੀ ਜਾਵੇਗੀ ਅਤੇ 2 ਮਾਰਚ ਨੂੰ ਪ੍ਰੀਖਿਆ ਲਈ ਜਾਵੇਗੀ ਤੇ ਕੋਰਸ ਮੁਕੰਮਲ ਹੋਣ ਉਪਰੰਤ ਸਰਟੀਫਿਕੇਟ ਦਿੱਤੇ ਜਾਣਗੇ। ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਨੇ ਇਸ ਸਬੰਧ ਵਿੱਚ ਸਕੂਲਾਂ ਨੂੰ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆ ਦੀ ਤਿਆਰੀ ਲਈ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ। ਇਹ ਰਜਿਸਟਰੇਸ਼ਨ ਪ੍ਰਕਿਰਿਆ 22 ਸਤੰਬਰ ਨੂੰ ਸ਼ੁਰੂ ਹੋਵੇਗੀ ਅਤੇ ਵਿਦਿਆਰਥੀ 20 ਫਰਵਰੀ ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਬਾਅਦ 2 ਮਾਰਚ ਨੂੰ ਪ੍ਰੀਖਿਆ ਹੋਵੇਗੀ ਤੇ ਵਿਦਿਆਰਥੀਆਂ ਦਾ ਮੁਲਾਂਕਣ 3 ਮਾਰਚ ਨੂੰ ਹੋਵੇਗਾ।
ਇਸ ਦੌਰਾਨ ਐੱਨ ਸੀ ਈ ਆਰ ਟੀ ਵੱਲੋਂ ਅਰਥ ਸ਼ਾਸਤਰ, ਰਸਾਇਣ ਵਿਗਿਆਨ, ਗਣਿਤ, ਭੌਤਿਕ ਵਿਗਿਆਨ, ਜੀਵ ਵਿਗਿਆਨ, ਵਪਾਰ ਅਧਿਐਨ, ਅੰਗਰੇਜ਼ੀ, ਮਨੋਵਿਗਿਆਨ, ਸਮਾਜ ਸ਼ਾਸਤਰ, ਲੇਖਾਕਾਰ ਤੇ ਭੂਗੋਲ ਵਰਗੇ ਪ੍ਰਮੁੱਖ ਵਿਸ਼ਿਆਂ ਦੀ ਤਿਆਰੀ ਕਰਵਾਈ ਜਾਵੇਗੀ। ਇਸ ਦੌਰਾਨ ਐੱਨ ਸੀ ਈ ਆਰ ਟੀ ਮਾਹਿਰਾਂ ਵੱਲੋਂ ਲੈਕਚਰ ਦਿੱਤੇ ਜਾਣਗੇ ਅਤੇ ਇਹ ਕੋਰਸ 24 ਹਫ਼ਤਿਆਂ ਤੱਕ ਕਰਵਾਏ ਜਾਣਗੇ ਜਿਸ ਨਾਲ ਵਿਦਿਆਰਥੀਆਂ ਨੂੰ ਸਿਲੇਬਸ ਮੁੁਕੰਮਲ ਕਰਨ ਵਿੱਚ ਮਦਦ ਮਿਲੇਗੀ। ਪੱਤਰ ਵਿੱਚ ਕਿਹਾ ਗਿਆ ਹੈ ਕਿ 60 ਫੀਸਦ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਐੱਨ ਸੀ ਈ ਆਰ ਟੀ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ।