ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਨੇ ਨਵਾਂ ਗਰਾਉਂ ਵਾਸੀ
ਗਲੀਆਂ ਵਿੱਚ ਬਿਨਾਂ ਢੱਕਣਾਂ ਤੋਂ ਪਏ ਨੇ ਕਈ ਮੈਨਹੋਲ; ਲੋਕਾਂ ਨੇ ਸਮੱਸਿਆ ਦੇ ਹੱਲ ਦੀ ਮੰਗ ਕੀਤੀ
ਚਰਨਜੀਤ ਸਿੰਘ ਚੰਨੀ
ਨਗਰ ਕੌਂਸਲ ਨਵਾਂ ਗਰਾਉਂ ਅਧੀਨ ਪੈਂਦੇ ਇਲਾਕੇ ਛੋਟੀ ਕਰੌਰਾਂ, ਖੇੜਾ ਮੰਦਰ ਕੋਲ ਨਵਾਂ ਗਰਾਉਂ, ਕਮਾਊ ਕਲੋਨੀ ਸਣੇ ਹੋਰ ਕਈ ਥਾਈਂ ਸਹੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਸੜਕਾਂ ਤੇ ਗਲੀਆਂ ’ਚ ਜਮ੍ਹਾਂ ਹੋ ਰਿਹਾ ਹੈ।
ਗੰਦਾ ਪਾਣੀ ਗਟਰਾਂ ਵਿੱਚੋਂ ਉਛਲ ਕੇ ਸੜਕਾਂ ਤੇ ਗਲੀਆਂ ਵਿੱਚ ਆਉਣ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਮੈਨਹੋਲ ਬਿਨਾਂ ਢੱਕਣਾਂ ਤੋਂ ਖੁੱਲ੍ਹੇ ਪਏ ਹਨ ਅਤੇ ਇਨ੍ਹਾਂ ਦੀ ਹਾਲਤ ਬਦਤਰ ਹੋਈ ਪਈ ਹੈ। ਦੋਪਹੀਆ ਵਾਹਨਾਂ ਜਿਵੇਂ ਸਾਈਕਲਾਂ, ਸਕੂਟਰਾਂ, ਮੋਟਰਸਾਈਕਲਾਂ ਅਤੇ ਰੇਹੜ੍ਹੀਆਂ ਵਾਲੇ ਗੰਦੇ ਪਾਣੀ ਵਿੱਚੋਂ ਲੰਘਣ ਵੇਲੇ ਆਮ ਡਿੱਗਦੇ ਰਹਿੰਦੇ ਹਨ ਅਤੇ ਨਗਰ ਕੌਂਸਲ ਦੀ ਕਥਿਤ ਘਟੀਆ ਕਾਰਗੁਜ਼ਾਰੀ ਨੂੰ ਕੋਸਦੇ ਵੀ ਰਹਿੰਦੇ ਹਨ। ਸੜਕਾਂ ਤੇ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਵਿੱਚੋਂ ਜਦੋਂ ਕੋਈ ਕਾਰ, ਟਰੱਕ, ਬੱਸ ਆਦਿ ਲੰਘਦੀ ਹੈ ਤਾਂ ਵਾਹਨਾਂ ਦੇ ਟਾਇਰਾਂ ਨਾਲ ਗੰਦਾ ਪਾਣੀ ਟਕਰਾਅ ਕੇ ਸੜਕ ਕਿਨਾਰੇ ਬਣੀਆਂ ਦੁਕਾਨਾਂ, ਦਫਤਰਾਂ ਵਿੱਚ ਖੜ੍ਹੇ ਗਾਹਕਾਂ ਤੇ ਰਾਹਗੀਰਾਂ ਦੇ ਕੱਪੜੇ ਲਿਬੇੜ ਦਿੰਦਾ ਹੈ। ਇਸੇ ਦੌਰਾਨ ਲੋਕਾਂ ਵਿੱਚ ਤਲਖਕਲਾਮੀ ਕਾਰਨ ਲੜਾਈ ਤੱਕ ਨੌਬਤ ਪਹੁੰਚ ਜਾਂਦੀ ਹੈ। ਗਲੀਆਂ ਦੀ ਮੰਦੀ ਹਾਲਤ ਤੋਂ ਖ਼ਫ਼ਾ ਲੋਕਾਂ ’ਚ ਸ਼ਾਮਲ ਜੋਗਿੰਦਰ ਗੁੱਜਰ, ਮਨਜੀਤ ਸਿੰਘ ਸਿੱਧੂ, ਮੀਨਾ ਵਰਮਾ, ਦਲਬੀਰ ਸਿੰਘ ਪੱਪੀ, ਅਵਤਾਰ ਸਿੰਘ ਤਾਰੀ ਆਦਿ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਮੌਕੇ ਲੋਕ ਘਰਾਂ, ਗਲੀਆਂ, ਸੜਕਾਂ ਵਿੱਚ ਸਫ਼ਾਈ ਕਰ ਰਹੇ ਹਨ ਪਰ ਕੌਂਸਲ ਗੰਦੇ ਪਾਣੀ ਦਾ ਨਿਕਾਸ ਵੀ ਨਹੀਂ ਕਰਵਾ ਸਕੀ ਅਤੇ ਦੀਵਾਲੀ ਮੌਕੇ ਵੀ ਲੋਕਾਂ ਨੂੰ ਗੰਦਗੀ ਨਾਲ ਭਰੀਆਂ ਗਲੀਆਂ ਵਿੱਚੋਂ ਲੰਘਣਾ ਪਵੇਗਾ। ਲੋਕਾਂ ਦੀ ਮੰਗ ਹੈ ਕਿ ਨਵਾਂ ਗਰਾਉਂ ਵਿੱਚ ਸੜਕਾਂ ਅਤੇ ਗਲੀਆਂ ’ਚ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇ।