ਨੰਨ੍ਹੀ ਇਬਾਦਤ ਦਾ ਨਾਂ ‘ਇੰਡੀਆ ਬੁੱਕ ਆਫ ਰਿਕਾਰਡ’ ਵਿੱਚ ਸ਼ਾਮਲ
ਅੱਖਾਂ ’ਤੇ ਪੱਟੀ ਬੰਨ੍ਹ ਕੇ 1 ਮਿੰਟ 56 ਸੈਕਿੰਡ ’ਚ ਸੁਣਾਏ ਅੰਗਰੇਜ਼ੀ ਦੇ ਸੌ ਸ਼ਬਦ; ਐੇੱਸ ਐੱਸ ਪੀ ਵੱਲੋਂ ਇਬਾਦਤ ਦਾ ਸਨਮਾਨ
ਇੱਥੋਂ ਦੀ ਅੱਠ ਸਾਲਾ ਬੱਚੀ ਇਬਾਦਤ ਨੇ ਆਪਣਾ ਨਾਮ ‘ਇੰਡੀਆ ਬੁੱਕ ਆਫ ਰਿਕਾਰਡ’ ਵਿੱਚ ਦਰਜ ਕਰਵਾਇਆ ਹੈ। ‘ਸ਼ਾਰਪ ਬ੍ਰੇਨਸ’ ਸੰਸਥਾ ਦੇ ਨਿਰਦੇਸ਼ਕ ਰੰਜੀਵ ਗੋਇਲ ਨੇ ਦੱਸਿਆ ਕਿ ਸੇਂਟ ਜੇਵੀਅਰ ਸਕੂਲ ਬਠਿੰਡਾ ਵਿੱਚ ਤੀਜੀ ਦੀ ਵਿਦਿਆਰਥਣ ਇਬਾਦਤ ਕੌਰ ਸਿੱਧੂ ਨੇ ਅੰਗਰੇਜ਼ੀ ਦੇ ਈ ਬੀ ਐੱਮ, ਈ ਐੱਫ਼ ਏ, ਆਰ ਓ ਐੱਸ, ਏ ਸੀ ਡੀ, ਸੀ ਡੀ ਐੱਮ ਏ ਜਿਹੇ 100 ਸ਼ਬਦਾਂ ਨੂੰ ਸੰਖੇਪ ਅਤੇ ਪੂਰਨ ਦੋਵੇਂ ਰੂਪਾਂ ਵਿੱਚ ਅੱਖਾਂ ਉੱਪਰ ਪੱਟੀ ਬੰਨ੍ਹਣ ਮਗਰੋਂ 1 ਮਿੰਟ 56 ਸੈਕਿੰਡ ਵਿੱਚ ਜ਼ੁਬਾਨੀ ਸੁਣਾਇਆ। ਇਬਾਦਤ ਨੇ ਇਸ ਦੀ ਤਿਆਰੀ ਅਬੈਕਸ ਵਿਧੀ ਨਾਲ ਕੀਤੀ। ਇਸ ਅਭਿਆਸ ਲਈ ਉਸ ਨੂੰ ਕਰੀਬ 5 ਮਹੀਨੇ ਲੱਗੇ। ‘ਇੰਡੀਆ ਬੁੱਕ ਆਫ਼ ਰਿਕਾਰਡ’ ਨੇ ਇਬਾਦਤ ਦੇ ਇਸ ਰਿਕਾਰਡ ਦੀ ਪੁਸ਼ਟੀ ਕਰਦਿਆਂ ਉਸ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਨਿਵਾਜਿਆ। ਬਠਿੰਡਾ ਦੇ ਐੱਸ ਐੱਸ ਪੀ ਅਮਨੀਤ ਕੌਂਡਲ ਵੱਲੋਂ ਇਬਾਦਤ ਦੀ ਪ੍ਰਾਪਤੀ ਬਦਲੇ ਉਸ ਨੂੰ ਅੱਜ ਆਪਣੇ ਦਫ਼ਤਰ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਬਾਦਤ ਦੀ ਮਾਤਾ ਅਰਸ਼ਪ੍ਰੀਤ ਸਿੱਧੂ ਤੋਂ ਇਲਾਵਾ ‘ਸ਼ਾਰਪ ਬ੍ਰੇਨਸ ਬਠਿੰਡਾ’ ਇੰਚਾਰਜ ਨੀਲਮ ਗਰਗ ਵੀ ਹਾਜ਼ਰ ਸਨ। ਸਕੂਲ ਦੇ ਪ੍ਰਿੰਸੀਪਲ ਫ਼ਾਦਰ ਸਿਡਲੋਏ ਫਰਾਟਡੋ ਨੇ ਵੀ ਇਬਾਦਤ ਦੇ ਇਸ ਰਿਕਾਰਡ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਉਸ ਨੂੰ ਮੁਬਾਰਕਬਾਦ ਦਿੱਤੀ।