ਨਾਇਕ ਜਗਸੀਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਸਸਕਾਰ
ਸ੍ਰੀਨਗਰ ਵਿੱਚ ਸ਼ਹੀਦ ਹੋਏ ਪਿੰਡ ਠੁੱਲੀਵਾਲ ਦੇ ਵਸਨੀਕ ਨਾਇਕ ਜਗਸੀਰ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਸ਼ਹੀਦ ਦੀ ਲਾਸ਼ ਘਰ ਪੁੱਜਣ ’ਤੇ ਮਾਹੌਲ ਗਮਗੀਨ ਹੋ ਗਿਆ। ਪਰਿਵਾਰ ਵੱਲੋਂ ਅੰਤਿਮ ਵਿਦਾਈ ਦੇਣ...
ਸ੍ਰੀਨਗਰ ਵਿੱਚ ਸ਼ਹੀਦ ਹੋਏ ਪਿੰਡ ਠੁੱਲੀਵਾਲ ਦੇ ਵਸਨੀਕ ਨਾਇਕ ਜਗਸੀਰ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਸ਼ਹੀਦ ਦੀ ਲਾਸ਼ ਘਰ ਪੁੱਜਣ ’ਤੇ ਮਾਹੌਲ ਗਮਗੀਨ ਹੋ ਗਿਆ। ਪਰਿਵਾਰ ਵੱਲੋਂ ਅੰਤਿਮ ਵਿਦਾਈ ਦੇਣ ਮਗਰੋਂ ਲਾਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮੈਦਾਨ ਵਿੱਚ ਲਿਆਂਦੀ ਗਈ, ਜਿੱਥੇ ਪਰਿਵਾਰ, ਫ਼ੌਜ ਦੇ ਜਵਾਨਾਂ, ਸਾਬਕਾ ਫ਼ੌਜੀਆਂ ਅਤੇ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਰਧਾਂਜਲੀ ਭੇਟ ਕੀਤ। ਫਸਟ ਸਿੱਖ ਯੂਨਿਟ ਦੇ ਨਾਇਬ ਸੂਬੇਦਾਰ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਫ਼ੌਜੀ ਟੁਕੜੀ ਨੇ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ। ਜਗਸੀਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਅਤੇ ਪੁੱਤਰ ਜਪਫ਼ਤਹਿ ਸਿੰਘ ਨੇ ਚਿਖਾ ਨੂੰ ਅਗਨੀ ਭੇਟ ਕੀਤੀ। ਇਸ ਮੌਕੇ ਸ਼ਹੀਦ ਦੀ ਪਤਨੀ ਸਰਬਜੀਤ ਕੌਰ ਅਤੇ ਭੈਣ ਰਣਦੀਪ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਜਗਸੀਰ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ। ਉਨ੍ਹਾਂ ਸਰਕਾਰ ਤੋਂ ਪਰਿਵਾਰ ਦੀ ਆਰਥਿਕ ਮਦਦ ਕਰਨ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ, ਬੱਚੇ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਚੁੱਕਣ ਅਤੇ ਪਿੰਡ ਵਿੱਚ ਸ਼ਹੀਦ ਦੀ ਯਾਦਗਾਰ ਬਣਾਉਣ ਦੀ ਮੰਗ ਕੀਤੀ। ਫ਼ੌਜ ਦੇ ਸੂਬੇਦਾਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ ਜਗਸੀਰ ਸਿੰਘ ਦੀ ਮੌਤ ‘ਸਾਈਲੈਂਟ ਅਟੈਕ’ ਕਾਰਨ ਹੋਈ ਹੈ ਪਰ ਫ਼ੌਜ ਲਈ ਉਹ ਹਮੇਸ਼ਾ ਸ਼ਹੀਦ ਹੀ ਰਹੇਗਾ। ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਉਨ੍ਹਾਂ ਕਿਹਾ ਕਿ ਫ਼ੌਜ ਵੱਲੋਂ ਕਾਗਜ਼ੀ ਕਾਰਵਾਈ ਮੁਕੰਮਲ ਕੀਤੇ ਜਾਣ ਤੋਂ ਬਾਅਦ ਪਰਿਵਾਰ ਨੂੰ ਪੰਜਾਬ ਸਰਕਾਰ ਕੋਲੋਂ ਬਣਦੇ ਸਾਰੇ ਲਾਭ ਦਿਵਾਏ ਜਾਣਗੇ। ਇਸ ਮੌਕੇ ਡੀ ਐੱਸ ਪੀ ਜਸਪਾਲ ਸਿੰਘ ਧਾਲੀਵਾਲ, ਨਾਇਬ ਤਹਿਸੀਲਦਾਰ ਰਵਿੰਦਰ ਸਿੰਘ, ਐੱਸ ਐੱਚ ਓ ਗੁਰਪਾਲ ਸਿੰਘ, ਚੇਅਰਮੈਨ ਸੁਖਵਿੰਦਰ ਦਾਸ, ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

