ਬਾਬੇ ਨਾਨਕ ਦੇ ਵਿਆਹ ਪੁਰਬ ਸਬੰਧੀ ਨਗਰ ਕੀਰਤਨ ਬਟਾਲਾ ਪੁੱਜਾ
ਗੁਰੂ ਨਾਨਕ ਦੇਵ ਦੇ ਵਿਆਹ ਪੁਰਬ ਦਿਹਾੜੇ ਮੌਕੇ ਅੱਜ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦਾ ਸੰਗਤ ਵੱਲੋਂ ਵੱਖ-ਵੱਖ ਥਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਸ਼ਾਮ ਸਮੇਂ ਨਗਰ ਕੀਰਤਨ ਦੇ ਬਟਾਲਾ ਦੀ ਜੂਹ ਵਿੱਚ ਦਾਖ਼ਲ ਹੋਣ ’ਤੇ ਵੱਡੀ ਗਿਣਤੀ ਸੰਗਤ ਨੇ ਸਵਾਗਤ ਕੀਤਾ। ਇਹ ਨਗਰ ਕੀਰਤਨ ਦੇਰ ਸ਼ਾਮ ਗੁਰਦੁਆਰਾ ਸਤਿਕਰਤਾਰੀਆ ਵਿੱਚ ਪੁੱਜਿਆ, ਭਲਕੇ ਮਾਤਾ ਸੁਲੱਖਣੀ ਦੇ ਪੇਕੇ ਘਰ ਇਤਿਹਾਸਕ ਗੁਰਦੁਆਰਾ ਡੇਹਰਾ ਸਾਹਿਬ ਤੋਂ ਚੱਲ ਕੇ ਬਟਾਲਾ ਨਗਰ ਦੇ ਮੁਹੱਲਿਆਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਸੰਪੂਰਨ ਹੋਵੇਗਾ।
ਨਗਰ ਕੀਰਤਨ ਦਾ ਇੱਥੇ ਪੁੱਜਣ ’ਤੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ‘ਆਪ’ ਸਮਰਥਕਾਂ ਸਣੇ ਸਵਾਗਤ ਕੀਤਾ। ਇਸ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਲਬੀਰ ਸਿੰਘ ਬਾਠ, ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ, ਅਕਾਲੀ ਦਲ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਕਾਂਗਰਸ ਦੇ ਸੀਨੀਅਰ ਆਗੂ ਪ੍ਰਿੰਸੀਪਲ ਸੁਲੱਖਣ ਸਿੰਘ ਆਦਿ ਨੇ ਪੰਜ ਪਿਆਰਿਆਂ ਦਾ ਸਨਮਾਨ ਕੀਤਾ। ਨਗਰ ਕੀਰਤਨ ਗੁਰਦੁਆਰਾ ਅੱਚਲ ਸਾਹਿਬ ਸਣੇ ਹੋਰ ਥਾਵਾਂ ’ਤੇ ਵੀ ਪੁੱਜਿਆ।
ਇਸ ਦੌਰਾਨ ਇੱਥੇ ਬਟਾਲਾ-ਜਲੰਧਰ ਰੋਡ ’ਤੇ ਵੱਡੀ ਗਿਣਤੀ ਸੰਗਤ ਇਕੱਤਰ ਹੋਈ। ਨਗਰ ਨੂੰ ਰੋਸ਼ਨੀਆਂ ਨਾਲ ਸਜਾਇਆ ਗਿਆ ਹੈ। ਦੂਜੇ ਪਾਸੇ, ਜ਼ਿਲ੍ਹਾ ਪੁਲੀਸ ਬਟਾਲਾ ਅਧੀਨ ਆਉਂਦਾ ਹਲਕਾ ਡੇਰਾ ਬਾਬਾ ਨਾਨਕ ਬੁਰੀ ਤਰ੍ਹਾ ਹੜ੍ਹਾਂ ਦੀ ਲਪੇਟ ਵਿੱਚ ਆਇਆ ਹੋਇਆ ਹੈ। ਬਟਾਲਾ ਨੇੜਲੇ ਪਿੰਡਾਂ ਤੇ ਕਸਬਿਆਂ ਤੋਂ ਸੰਗਤ ਗੁਰਦੁਆਰਾ ਡੇਹਰਾ ਸਾਹਿਬ, ਗੁਰਦੁਆਰਾ ਕੰਧ ਸਾਹਿਬ ’ਚ ਨਤਮਸਤਕ ਹੋ ਰਹੀ ਹੈ। ਇਸ ਵਾਰ ਸਮਾਜ ਸੇਵੀ ਤੇ ਧਾਰਮਕ ਜਥੇਬੰਦੀਆਂ ਦੇ ਆਗੂ ਹੜ੍ਹ ਪੀੜਤਾਂ ਦੀ ਮਦਦ ਕਰਨ ’ਚ ਲੱਗੇ ਹੋਏ ਹਨ।