ਨਾਭਾ: ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ; ਪੁਲ ਤੋਂ ਡਿੱਗਣ ਕਾਰਨ ਨੌਜਵਾਨ ਹਲਾਕ, ਤਿੰਨ ਜ਼ਖ਼ਮੀ
ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਤੋਂ ਮਨਪ੍ਰੀਤ ਸਿੰਘ ਆਪਣੀ ਮਾਤਾ ਗੁਰਮੇਲ ਕੌਰ ਨਾਲ ਮੋਟਰਸਾਈਕਲ ’ਤੇ ਨਾਭੇ ਵੱਲ ਆ ਰਿਹਾ ਸੀ ਅਤੇ ਦੂਜੇ ਪਾਸਿਓਂ ਗੁਰਵੀਰ ਅਤੇ ਵਿਵੇਕ ਮੋਟਰਸਾਈਕਲ ’ਤੇ ਕੰਮ ਉੱਤੇ ਜਾ ਰਹੇ ਸਨ।
ਪ੍ਰਤੱਖਦਰਸ਼ੀਆਂ ਮੁਤਾਬਕ ਦੋਵੇਂ ਮੋਟਰਸਾਈਕਲਾਂ ਦੇ ਹੈਂਡਲ ਟਕਰਾ ਗਏ ਤੇ ਇੱਕ ਮੋਟਰਸਾਈਕਲ ਦੇ ਪਿੱਛੇ ਬੈਠਾ ਨੌਜਵਾਨ ਪੁਲ ਦਾ ਬਨੇਰਾ ਛੋਟਾ ਹੋਣ ਕਾਰਨ ਥੱਲੇ ਡਿੱਗ ਗਿਆ। ਉੱਥੋਂ ਪੁਲ ਦੀ ਉਚਾਈ ਲਗਭਗ 50 ਫੁੱਟ ਹੋਵੇਗੀ। ਉਨ੍ਹਾਂ ਦੱਸਿਆ ਕਿ 108 ’ਤੇ ਕਿਸੇ ਨੇ ਫੋਨ ਨਾ ਚੁੱਕਿਆ ਤੇ ਲੋਕਾਂ ਨੇ ਹੀ ਚਾਰਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ।
ਨਾਭਾ ਹਸਪਤਾਲ ਨੇ ਗਾਜ਼ੀਆਬਾਦ ਵਸਨੀਕ 22 ਸਾਲਾ ਵਿਵੇਕ ਅਤੇ ਪਾਲੀਆ ਪਿੰਡ ਦੇ ਵਸਨੀਕ 40 ਸਾਲਾ ਗੁਰਵੀਰ ਨੂੰ ਪਟਿਆਲਾ ਰੈਫਰ ਕਰ ਦਿੱਤਾ। ਹਸਪਤਾਲ ਦੇ ਮੁਲਾਜ਼ਮ ਨੇ ਦੱਸਿਆ ਕਿ ਮਰੀਜ਼ ਨੂੰ ਪਟਿਆਲਾ ਲਿਜਾਉਣ ਲਈ ਅੱਧੇ ਘੰਟੇ ਤੱਕ ਕੋਈ ਸਰਕਾਰੀ ਐਂਬੂਲੈਂਸ ਨਾ ਪਹੁੰਚੀ ਤਾਂ ਲੋਕਾਂ ਨੇ ਇੱਕ ਪ੍ਰਾਈਵੇਟ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਪਟਿਆਲਾ ਭੇਜਿਆ। ਹਾਲਾਂਕਿ ਨਾਭਾ ਹਸਪਤਾਲ ਵਿੱਚ ਹੀ ਦੋ ਐਂਬੂਲੈਂਸ ਖੜੀਆਂ ਸਨ ਪਰ ਕੋਈ ਡਰਾਈਵਰ ਮੌਜੂਦ ਨਹੀਂ ਸੀ। ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਰਾਹ ਵਿੱਚ ਵਿਵੇਕ ਦੀ ਮੌਤ ਹੋ ਗਈ। ਐੱਸਏਐੱਲ ਆਟੋਮੋਟਿਵ ਦੇ ਮੁਲਾਜ਼ਮ ਨੇ ਦੱਸਿਆ ਕਿ ਇੰਜਨੀਅਰ ਵਿਵੇਕ ਨੇ 2 ਜੁਲਾਈ ਨੂੰ ਹੀ ਇੱਥੇ ਨੌਕਰੀ ਸ਼ੁਰੂ ਕੀਤੀ ਸੀ। ਪੁਲੀਸ ਵੱਲੋਂ ਹਾਦਸੇ ਦੀ ਪੜਤਾਲ ਕੀਤੀ ਜਾ ਰਹੀ ਹੈ।