ਮਰਹੂਮ ਉੱਘੇ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਪਿੰਡ ਪੋਨਾ ਵਿੱਚ ਗਾਇਕ ਰਾਜਵੀਰ ਜਵੰਦਾ ਦੀ ਮੌਤ ’ਤੇ ਉਸ ਦੇ ਪਰਿਵਾਰ ਨਾਲ ਦੁੱਖ ਵੰਡਾਇਆ। ਉਨ੍ਹਾਂ ਇਸ ਨੂੰ ਵੱਡਾ ਘਾਟਾ ਕਰਾਰ ਦਿੱਤਾ। ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਰਾਜਵੀਰ ਜਵੰਦਾ ਦੇ ਨਜ਼ਦੀਕੀ ਦੋਸਤ ਤੇ ਗਾਇਕ ਕੰਵਰ ਗਰੇਵਾਲ ਨਾਲ ਵੀ ਕੁਝ ਸਮਾਂ ਗੱਲਬਾਤ ਕੀਤੀ। ਕੰਵਰ ਗਰੇਵਾਲ ਨੇ ਉਨ੍ਹਾਂ ਨਾਲ ਰਾਜਵੀਰ ਜਵੰਦਾ ਨਾਲ ਬਿਤਾਏ ਪਲਾਂ ਤੇ ਉਸ ਦੇ ਸੁਭਾਅ ਬਾਰੇ ਚਰਚਾ ਕੀਤੀ।
ਇਸ ਮੌਕੇ ਗਾਇਕ ਗਗਨ ਕੋਕਰੀ ਸਣੇ ਕੁਝ ਹੋਰ ਕਲਾਕਾਰਾਂ ਨੇ ਵੀ ਪਰਿਵਾਰ ਨਾਲ ਦੁੱਖ ਵੰਡਾਇਆ। ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਤੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਜਵੰਦਾ ਨੇ ਆਖਿਆ ਕਿ ਇਸ ਦੁੱਖ ਦੀ ਘੜੀ ’ਚ ਸਾਰਾ ਪਿੰਡ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਹੈ। ਉਨ੍ਹਾਂ ਆਖਿਆ ਕਿ ਭਲਕੇ ਅੰਤਿਮ ਅਰਦਾਸ ’ਚ ਵੱਡੀ ਗਿਣਤੀ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਤਹਿਤ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਨੂੰ ਦਿੱਕਤ ਪੇਸ਼ ਨਾ ਆਵੇ।
ਰਾਜਵੀਰ ਜਵੰਦਾ ਨਮਿਤ ਸ਼ਰਧਾਂਜਲੀ ਸਮਾਰੋਹ ਅੱਜ
ਭਲਕੇ 17 ਅਕਤੂਬਰ ਨੂੰ ਗਾਇਕ ਰਾਜਵੀਰ ਜਵੰਦਾ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਦੇ ਮੱਦੇਨਜ਼ਰ ਪੁਲੀਸ ਨੇ ਰੂਟ ਪਲਾਨ ਜਾਰੀ ਕਰ ਦਿੱਤਾ ਹੈ। ਲੁਧਿਆਣਾ ਦਿਹਾਤੀ ਦੇ ਐੱਸ ਐੱਸ ਪੀ ਡਾ. ਅੰਕੁਰ ਗੁਪਤਾ ਦੇ ਹੁਕਮਾਂ ’ਤੇ ਬਣਾਏ ਰੂਟ ਪਲਾਨ ਮੁਤਾਬਕ ਜਗਰਾਉਂ ਤੋਂ ਪਿੰਡ ਮਲਕ ਅਤੇ ਪਿੰਡ ਮਲਕ ਤੋਂ ਪਿੰਡ ਪੋਨਾ ਤੱਕ ਸੜਕ ਨੂੰ ਵੀ ਆਈ ਪੀ ਰੂਟ ਤਹਿਤ ਰੱਖਿਆ ਗਿਆ ਹੈ। ਇਸੇ ਤਰ੍ਹਾਂ ਪਿੰਡ ਅਲੀਗੜ੍ਹ ਨੇੜੇ ਰਾਜਾ ਢਾਬਾ ਤੋਂ ਪਿੰਡ ਪੋਨਾ ਨੂੰ ਜਾਂਦੀ ਸੜਕ ਨੂੰ ਆਮ ਲੋਕਾਂ ਲਈ ਰੱਖਿਆ ਗਿਆ ਹੈ।