ਥ੍ਰੀ-ਡੀ ਹੋਲੋਗ੍ਰਾਮ ਰਾਹੀਂ ਪੇਸ਼ ਕੀਤਾ ਜਾਵੇਗਾ ਮੂਸੇਵਾਲਾ ਦਾ ਸੰਗੀਤ
ਜੋਗਿੰਦਰ ਸਿੰਘ ਮਾਨ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਪਾਈ ਪੋਸਟ ਨੇ ਉਸ ਦੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਭਰ ਦਿੱਤਾ ਹੈ। ਇਸ ਪੋਸਟ ਨੂੰ ‘ਸਾਈਨ ਟੂ ਵਾਰ-2026 ਵਰਲਡ ਟੂਰ’ ਦਾ ਨਾਂ ਦਿੱਤਾ ਗਿਆ ਹੈ। ਸਾਈਨ ਟੂ ਵਾਰ ਬਣਾ ਕੇ ਸਾਲ 2026 ਦੇ ਵਰਲਡ ਟੂਰ ਬਾਰੇ ਇਸ਼ਾਰਾ ਕੀਤਾ ਗਿਆ ਹੈ। ਟੀਮ ਵੱਲੋਂ ਹਾਲੇ ਤੱਕ ਇਸ ਲਈ ਕੋਈ ਦਿਨ, ਤਰੀਕ ਤੇ ਸਮਾਂ ਨਿਸ਼ਚਿਤ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿੱਚ 29 ਮਈ 2022 ਨੂੰ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਉਸ ਦੀ ਟੀਮ ਨੇ ਕਿਸੇ ਵੱਡੇ ਸੰਭਾਵਿਤ ਪ੍ਰੋਗਰਾਮ ਦਾ ਸੰਕੇਤ ਦਿੱਤਾ ਹੈ। ਉਸ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰ ਕੇ ਕਹਿ ਰਹੇ ਹਨ ਕਿ ਇਹ ਇੱਕ ਸਿਰਫ਼ ਟੂਰ ਹੀ ਨਹੀਂ, ਸਗੋਂ ਸਿੱਧੂ ਮੂਸੇਵਾਲਾ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦਾ ਸੰਕਲਪ ਹੈ। ਸਿੱਧੂ ਮੂਸੇਵਾਲਾ ਦੀ ਮੈਨੇਜਮੈਂਟ ਟੀਮ ਦਾ ਕਹਿਣਾ ਹੈ ਕਿ ਫ਼ਿਲਹਾਲ ਇਸ ਟੂਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਜਾਵੇਗੀ। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦਾ ਇਹ ਵੀ ਮੰਨਣਾ ਹੈ ਕਿ ਮੂਸੇਵਾਲਾ ਦੇ ਹੁਣ ਤੱਕ ਮਾਰਕੀਟ ਵਿੱਚ ਨਾ ਆਏ ਗੀਤ, ਦਸਤਾਵੇਜ਼ੀ ਆਦਿ ਵੀ ਹੋ ਸਕਦੇ ਹਨ। ਇਸ ਵਿੱਚ ਏਆਰ, ਵੀਆਰ ਤਕਨਾਲੋਜੀ ਜਾਂ 3-ਡੀ ਹੋਲੋਗ੍ਰਾਮ ਜ਼ਰੀਏ ਉਸ ਦਾ ਸੰਗੀਤ ਦੁਨੀਆਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਜੇ ਇਹ ਸੰਭਵ ਹੁੰਦਾ ਹੈ ਤਾਂ ਭਾਰਤੀ ਸੰਗੀਤ ਇਤਿਹਾਸ ’ਚ ਇੱਕ ਨਵੀਂ ਸ਼ੁਰੂਆਤ ਹੋਵੇਗੀ।