ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ਵਿੱਚ ਮਾਨਸਾ ਦੀ ਅਦਾਲਤ ’ਚ ਅੱਜ ਮੁਲਜ਼ਮ ਅਤੇ ਗਵਾਹ ਨੂੰ ਪੇਸ਼ ਕੀਤਾ ਗਿਆ ਜਦੋਂ ਕਿ ਬਾਕੀ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ। ਅਦਾਲਤ ਨੇ ਪਿਛਲੀ ਪੇਸ਼ੀ ਉੱਤੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਪੀਲ ’ਤੇ ਮੁਲਜ਼ਮਾਂ ਨੂੰ ਅਦਾਲਤ ’ਚ ਵਿਅਕਤੀਗਤ ਤੌਰ ’ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਪਰ ਮੁਲਜ਼ਮ ਅਤੇ ਗਵਾਹ ਤੋਂ ਇਲਾਵਾ ਬਾਕੀ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਅਤੇ ਅਗਲੀ ਪੇਸ਼ੀ 17 ਅਕਤੂਬਰ ’ਤੇ ਰੱਖੀ ਗਈ ਹੈ। ਜਾਣਕਾਰੀ ਅਨੁਸਾਰ ਮਾਨਸਾ ਦੀ ਅਦਾਲਤ ਵਿੱਚ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਗਵਾਹ ਦੇ ਤੌਰ ’ਤੇ ਮਨਪ੍ਰੀਤ ਸਿੰਘ ਪੇਸ਼ ਹੋਏ ਅਤੇ ਉਨ੍ਹਾਂ ਆਪਣੀ ਗਵਾਹੀ ਦਿੱਤੀ ਜਦੋਂ ਕਿ ਮੁਲਜ਼ਮਾਂ ’ਚੋਂ ਦੀਪਕ ਮੁੰਡੀ ਨੂੰ ਅਦਾਲਤ ’ਚ ਵਿਅਕਤੀਗਤ ਤੌਰ ’ਤੇ ਪੇਸ਼ ਕੀਤਾ ਗਿਆ। ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਮਿੱਤਲ ਨੇ ਦੱਸਿਆ ਕਿ ਅਦਾਲਤ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੀ ਸਿਹਤ ਠੀਕ ਨਾ ਹੋਣ ਸਬੰਧੀ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ ਜਿਸ ਕਰਕੇ ਅਦਾਲਤ ਨੇ ਮੁਲਜ਼ਮਾਂ ਦੀ ਅੱਜ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਲਈ। ਉਨ੍ਹਾਂ ਦੱਸਿਆ ਕਿ ਅਗਲੀ ਪੇਸ਼ੀ ਲਈ 17 ਅਕਤੂਬਰ ’ਤੇ ਤੈਅ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀਡੀਓ ਕਾਨਫਰੰਸ ਰਾਹੀਂ ਮੁਲਜ਼ਮਾਂ ਦੀ ਪਛਾਣ ਸਹੀ ਢੰਗ ਨਾਲ ਨਾ ਕਰਨ ਸਬੰਧੀ ਅਸਮਰੱਥਾ ਜ਼ਾਹਿਰ ਕੀਤੀ ਸੀ। ਉਨ੍ਹਾਂ ਅਦਾਲਤ ਵਿਚ ਅਪੀਲ ਕੀਤੀ ਸੀ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਵਿਅਕਤੀਗਤ ਤੌਰ ’ਤੇ ਪੇਸ਼ ਕੀਤਾ ਜਾਵੇ।
+
Advertisement
Advertisement
Advertisement
Advertisement
×