ਮਨੋਜ ਸ਼ਰਮਾ
ਬਠਿੰਡਾ, 11 ਮਾਰਚ
ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ), ਬਠਿੰਡਾ ਦੇ ਦਸਵੇਂ ਡਿਗਰੀ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੌਰਾਨ ਰਾਸ਼ਟਰਪਤੀ ਵੱਲੋਂ ਵਿਦਿਆਰਥੀਆਂ ਨੂੰ ਅੱਜ 1,091 ਪੀਜੀ ਅਤੇ ਪੀਐਚ.ਡੀ. ਡਿਗਰੀਆਂ, 43 ਸੋਨੇ ਦੇ ਤਗ਼ਮੇ ਅਤੇ ਵਿਸ਼ੇਸ਼ ਸ਼ਖਸੀਅਤਾਂ ਨੂੰ ਪੰਜ ਆਨਰੇਰੀ ਡਿਗਰੀਆਂ (ਡੀ.ਲਿਟ) ਵੰਡੀਆਂ ਗਈਆਂ। ਸ਼ੁਰੂ ਵਿੱਚ, ਚਾਂਸਲਰ ਪ੍ਰੋ. ਜਗਬੀਰ ਸਿੰਘ ਅਤੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਸਮਾਰੋਹ ਦੇ ਮੁੱਖ ਮਹਿਮਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਸਵਾਗਤ ਕੀਤਾ। ਇਸ ਮੌਕੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਯੂਨੀਵਰਸਿਟੀ ਦੇ ਪ੍ਰੋ. ਰਾਜ ਕੁਮਾਰ ਦੀ ਪ੍ਰਾਪਤੀ ਨੂੰ ਸਾਂਝਾ ਕੀਤਾ ਜਿਨ੍ਹਾਂ ਨੇ ਕੈਂਸਰ ਦੇ ਖੇਤਰ ਵਿੱਚ ਮਹੱਤਵਪੂਰਨ ਖੋਜ ਕੀਤੀ। ਉਨ੍ਹਾਂ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਦਸ ਸਿੱਖ ਗੁਰੂਆਂ ਦੀ ਬਖ਼ਸ਼ਿਸ਼ ਹੈ। ਇਸੇ ਦੌਰਾਨ ਦੇਰ ਸ਼ਾਮ ਮੁਹਾਲੀ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐੱਸਬੀ) ਸੈਕਟਰ-81 ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਮਾਗਮ ਨੂੰ ਸੰਬੋਧਨ ਕੀਤਾ, ਜਿਥੇ ਉਨ੍ਹਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਗਤ ਕੀਤਾ।
ਰਾਸ਼ਟਰਪਤੀ ਨੇ ਏਮਜ਼ ਨੂੰ ਕੈਂਸਰ ਦੀ ਬਿਮਾਰੀ ’ਤੇ ਕੰਮ ਕਰਨ ਲਈ ਕਿਹਾ
ਏਮਜ਼ ਬਠਿੰਡਾ ਪੁੱਜੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਡਾਕਟਰ ਦੀ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਸਾਲਾਨਾ ਕਾਨਵੋਕੇਸ਼ਨ ਦੌਰਾਨ ਡਿਗਰੀਆਂ ਵੰਡੀਆਂ। ਉਨ੍ਹਾਂ ਏਮਜ਼ ਨੂੰ ਬਠਿੰਡਾ ਵਿੱਚ ਵੱਧ ਰਹੀ ਕੈਂਸਰ ਦੀ ਬਿਮਾਰੀ ’ਤੇ ਕੰਮ ਕਰਨ ਲਈ ਕਿਹਾ। ਉਨ੍ਹਾਂ ਪੰਜਾਬ ਵਿੱਚ ਨਸ਼ਿਆਂ ਦੀ ਵਰਤੋਂ ’ਤੇ ਵੀ ਚਿੰਤਾ ਪ੍ਰਗਟਾਈ। ਇਸ ਮੌਕੇ ਏਮਜ਼ ਦੇ ਡਾਇਰੈਕਟਰ ਡਾ. ਡੀਕੇ ਸਿੰਘ, ਕਾਰਜਕਾਰੀ ਡਾਇਰੈਕਟਰ ਡਾ. ਮਨੂੰ ਸਿੰਘ ਆਦਿ ਮੌਜੂਦ ਸਨ।