ਗੁਰਦੀਪ ਸਿੰਘ ਲਾਲੀ
ਕੈਨੇਡਾ ਵਿੱਚ ਕਤਲ ਕੀਤੀ ਇਸ ਸ਼ਹਿਰ ਦੀ 27 ਸਾਲਾ ਅਮਨਪ੍ਰੀਤ ਕੌਰ ਸੈਣੀ ਦੀ ਲਾਸ਼ ਅੱਜ ਸਵੇਰੇ ਜਿਉਂ ਹੀ ਸਥਾਨਕ ਪ੍ਰੇਮ ਬਸਤੀ ਸਥਿਤ ਉਸ ਦੇ ਘਰ ਪੁੱਜੀ ਤਾਂ ਮਾਹੌਲ ਭਾਵੁਕ ਹੋ ਗਿਆ। ਇਸ ਮਗਰੋਂ ਸਥਾਨਕ ਉਭਾਵਾਲ ਰੋਡ ਸ਼ਮਸ਼ਾਨਘਾਟ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ।
ਅਮਨਪ੍ਰੀਤ ਕੌਰ ਸੈਣੀ ਪ੍ਰੇਮ ਬਸਤੀ ਗਲੀ ਨੰਬਰ-6 ਦੇ ਵਸਨੀਕ ਅਤੇ ਵੇਰਕਾ ਮਿਲਕ ਪਲਾਂਟ ਦੇ ਸਾਬਕਾ ਮੁਲਾਜ਼ਮ ਇੰਦਰਜੀਤ ਸਿੰਘ ਦੀ ਧੀ ਸੀ। ਉਹ ਆਪਣੇ ਸੁਨਹਿਰੇ ਭਵਿੱਖ ਲਈ 2021 ਵਿੱਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ। ਟੋਰਾਂਟੋ ਵਿੱਚ ਰਹਿੰਦਿਆਂ ਉਹ ਹਸਪਤਾਲ ਵਿੱਚ ਕੰਮ ਕਰਦੀ ਸੀ ਅਤੇ ਉਸ ਦੀ ਪੀ ਆਰ ਦੀ ਫਾਈਲ ਵੀ ਲੱਗੀ ਹੋਈ ਸੀ। 20 ਅਕਤੂਬਰ ਨੂੰ ਉਹ ਸਵੇਰੇ ਕਰੀਬ ਸਾਢੇ ਛੇ ਵਜੇ ਘਰ ਤੋਂ ਆਪਣੀ ਡਿਊਟੀ ਲਈ ਨਿਕਲੀ ਸੀ ਪਰ ਪਰਤੀ ਨਹੀਂ। ਦੋ ਦਿਨਾਂ ਦੀ ਭਾਲ ਤੋਂ ਬਾਅਦ ਕੈਨੇਡਾ ਪੁਲੀਸ ਨੂੰ ਉਸ ਦੀ ਲਾਸ਼ ਲਿੰਕਨ ਸ਼ਹਿਰ ਦੇ ਪਾਰਕ ’ਚੋਂ ਮਿਲੀ ਸੀ, ਜਿਸ ਤੋਂ ਉਸ ਦੇ ਕਤਲ ਦਾ ਪਤਾ ਲੱਗਾ। ਕੈਨੇਡਾ ਪੁਲੀਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਅਮਨਪ੍ਰੀਤ ਦੀ ਵੱਡੀ ਭੈਣ ਵੀ ਕੈਨੇਡਾ ਰਹਿੰਦੀ ਹੈ, ਜਦਕਿ ਉਸ ਦੇ ਮਾਤਾ-ਪਿਤਾ ਅਤੇ ਛੋਟਾ ਭਰਾ ਇੱਥੇ ਸੰਗਰੂਰ ਵਿੱਚ ਰਹਿ ਰਹੇ ਹਨ।
ਅੱਜ ਅਮਨਪ੍ਰੀਤ ਦੇ ਸਸਕਾਰ ਮੌਕੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ, ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਇਨਫੋਟੈੱਕ ਪੰਜਾਬ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਰਿੰਦਰਪਾਲ ਸਿੰਘ ਸਿਬੀਆ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਬਹਾਦਰ ਸਿੰਘ ਭਸੌੜ, ਫਰੀਡਮ ਫਾਈਟਰ ਸੰਸਥਾ ਦੇ ਸਰਪ੍ਰਸਤ ਹਰਿੰਦਰਪਾਲ ਸਿੰਘ ਖਾਲਸਾ ਸਮੇਤ ਹੋਰ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

