ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 5 ਦਸੰਬਰ
ਓਂਟਾਰੀਓ ’ਚ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਸਾਰਨੀਆ ਦੀ ਕੁਈਨਜ਼ ਰੋਡ ’ਤੇ ਇੱਕ ਮਕਾਨ ਵਿੱਚ ਰਹਿੰਦੇ ਵਿਅਕਤੀ ਨੇ ਨਾਲ ਰਹਿੰਦੇ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ। ਦੋਵੇਂ ਜਣੇ ਇੱਕੋ ਹੀ ਮਕਾਨ ’ਚ ਕਿਰਾਏ ’ਤੇ ਰਹਿੰਦੇ ਸਨ। ਲੰਘੇ ਦਿਨ ਵਾਪਰੀ ਇਸ ਘਟਨਾ ਦਾ ਕਾਰਨ ਦੋਵਾਂ ਵਿਚਾਲੇ ਮਾਮੂਲੀ ਤਕਰਾਰ ਹੋਣਾ ਦੱਸਿਆ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਅਸੀਸ ਸਿੰਘ (22) ਵਾਸੀ ਲੁਧਿਆਣਾ (ਪੰਜਾਬ) ਵਜੋਂ ਦੱਸੀ ਗਈ ਹੈ। ਗੁਰਅਸੀਸ ਬੀ.ਟੈੱਕ ਕਰਨ ਮਗਰੋਂ ਉਚੇਰੀ ਪੜ੍ਹਾਈ ਲਈ ਕੁਝ ਮਹੀਨੇ ਪਹਿਲਾਂ ਕੈਨੇਡਾ ਆਇਆ ਸੀ ਤੇ ਉਹ ਲੈਂਬਟਨ ਕਾਲਜ ’ਚ ਇੰਜਨੀਅਰਿੰਗ ਦਾ ਵਿਦਿਆਰਥੀ ਸੀ। ਸਾਰਨੀਆ ਪੁਲੀਸ ਨੇ ਮ੍ਰਿਤਕ ਦੀ ਪਛਾਣ ਕਰਨ ਮਗਰੋਂ ਦੱਸਿਆ ਕਿ ਕਤਲ ਦੇ ਦੋਸ਼ ਹੇਠ ਕਰੌਸਲੀ ਹੰਟਰ (35) ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਖ਼ਿਲਾਫ਼ ਦੂਜਾ ਦਰਜਾ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ। ਪੁਲੀਸ ਅਨੁਸਾਰ ਗੁਰਅਸੀਸ ਦੇ ਸਰੀਰ ’ਤੇ ਕਈ ਡੂੰਘੇ ਜ਼ਖ਼ਮ ਸਨ, ਜੋ ਕਿਸੇ ਤਿੱਖੇ ਹਥਿਆਰ ਦੇ ਹੋ ਸਕਦੇ ਹਨ।