ਇੱਥੋਂ ਦੇ ਇਸਲਾਮਾਬਾਦ ਥਾਣੇ ਅਧੀਨ ਆਉਂਦੇ ਇਲਾਕੇ ’ਚ ਇੱਕ ਵਿਅਕਤੀ ਨੂੰ ਦੋ ਧਿਰਾਂ ’ਚ ਚੱਲ ਰਿਹਾ ਝਗੜਾ ਛੁਡਵਾਉਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਦੋਵਾਂ ਧਿਰਾਂ ’ਚ ਰਜ਼ਾਮੰਦੀ ਕਰਵਾਉਣ ਵਾਲੇ ਇਸ ਵਿਅਕਤੀ ਦਾ ਇੱਕ ਧਿਰ ਨੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਕਿਸ਼ਨ ਵਾਸੀ ਸ਼ਿਵਪੁਰੀ ਆਬਾਦੀ ਵਜੋਂ ਹੋਈ ਹੈ। ਪੁਲੀਸ ਨੇ ਕੇਸ ਦਰਜ ਕਰ ਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਮੰਨਾ ਸਿੰਘ ਉਰਫ਼ ਮੰਨਾ ਵਾਸੀ ਪ੍ਰੇਮ ਨਗਰ ਅਤੇ ਕ੍ਰਿਸ਼ ਵਾਸੀ ਕੋਟ ਖ਼ਾਲਸਾ ਵਜੋਂ ਹੋਈ ਹੈ। ਮੰਨਾ ਲਗਭਗ 28 ਸਾਲਾਂ ਦਾ ਹੈ ਅਤੇ ਈ-ਰਿਕਸ਼ਾ ਚਲਾਉਂਦਾ ਹੈ, ਜਦਕਿ ਕ੍ਰਿਸ਼ 18 ਸਾਲਾਂ ਦਾ ਹੈ ਅਤੇ ਫਿਜ਼ੀਓਥੈਰੇਪੀ ਕੇਂਦਰ ਵਿੱਚ ਕੰਮ ਕਰਦਾ ਹੈ।
ਮ੍ਰਿਤਕ ਕਿਸ਼ਨ ਦੇ ਪੁੱਤਰ ਦੀਵਾਂਸ਼ ਸ਼ਰਮਾ ਨੇ ਪੁਲੀਸ ਨੂੰ ਦੱਸਿਆ ਕਿ ਉਸਦਾ ਪਿਤਾ ਕੁਨਾਲ ਟ੍ਰੇਡਿੰਗ ਕੰਪਨੀ ਪ੍ਰੇਮ ਨਗਰ ਵਿੱਚ ਕੰਮ ਕਰਦਾ ਸੀ। ਇਥੇ ਉਨ੍ਹਾਂ ਦੀ ਦੁਕਾਨ ਵੀ ਹੈ। ਉਸ ਨੇ ਦੱਸਿਆ ਕਿ ਕੱਲ੍ਹ ਸ਼ਾਮ ਸਾਢੇ ਸੱਤ ਵਜੇ ਉਹ ਦੁਕਾਨ ’ਤੇ ਆਪਣੇ ਪਿਤਾ ਨਾਲ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਦੀ ਦੁਕਾਨ ਸਾਹਮਣੇ ਰਹਿੰਦੇ ਮੰਨਾ, ਦੀਪੂ ਜਸਪਾਲ, ਟਿੱਕਾ ਅਤੇ ਕ੍ਰਿਸ਼ ਦਾ ਕਿਸੇ ਨਾਲ ਝਗੜਾ ਹੋ ਗਿਆ। ਉਸਦੇ ਪਿਤਾ ਨੇ ਜਾ ਕੇ ਝਗੜਾ ਛੁਡਵਾਇਆ ਅਤੇ ਰਾਜ਼ੀਨਾਮਾ ਕਰਵਾ ਦਿੱਤਾ। ਮੌਕੇ ’ਤੇ ਦੋਵੇਂ ਧਿਰਾਂ ਵਾਪਸ ਚਲੀਆਂ ਗਈਆਂ। ਰਾਤ ਕਰੀਬ 11 ਵਜੇ ਜਦੋਂ ਉਹ ਅਤੇ ਉਸਦੇ ਪਿਤਾ ਦੁਕਾਨ ਬੰਦ ਕਰਕੇ ਘਰ ਵੱਲ ਜਾ ਰਹੇ ਸਨ ਤਾਂ ਰਸਤੇ ਵਿੱਚ ਮੰਨਾ, ਦੀਪੂ, ਜਸਪਾਲ, ਟਿੱਕੀ, ਕ੍ਰਿਸ਼ ਉਨ੍ਹਾਂ ਦੀ ਦੁਕਾਨ ’ਤੇ ਆਏ ਅਤੇ ਉਸਦੇ ਪਿਤਾ ਨਾਲ ਝਗੜਾ ਕਰਨ ਲੱਗੇ। ਇਸ ਦੌਰਾਨ ਮੰਨਾ ਦਾਤਰ ਲੈ ਆਇਆ ਅਤੇ ਉਸ ਨੇ ਉਸ ਦੇ ਪਿਤਾ ਦੇ ਸਿਰ ’ਤੇ ਲਗਾਤਾਰ ਵਾਰ ਕੀਤੇ ਜਿਸ ਨਾਲ ਉਹ ਲਹੂ-ਲੁਹਾਣ ਹੋ ਕੇ ਜ਼ਮੀਨ ’ਤੇ ਡਿੱਗ ਗਏ। ਉਸ ਨੇ ਮਦਦ ਲਈ ਰੌਲਾ ਪਾਇਆ ਤਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਉਸਨੇ ਦੱਸਿਆ ਕਿ ਸਿਰ ’ਤੇ ਲੱਗੀਆਂ ਗੰਭੀਰ ਸੱਟਾਂ ਕਾਰਨ ਉਸ ਦੇ ਪਿਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮੁਲਜ਼ਮਾਂ ਦੀ ਭਾਲ ਲਈ ਛਾਪੇ ਜਾਰੀ: ਪੁਲੀਸ ਅਧਿਕਾਰੀ
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੇਸ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਨੇ ਮੰਨਾ ਸਿੰਘ ਉਰਫ਼ ਮੰਨਾ ਅਤੇ ਕ੍ਰਿਸ਼ ਨੂੰ ਕਾਬੂ ਕਰ ਲਿਆ ਹੈ। ਬਾਕੀ ਕਥਿਤ ਦੋਸ਼ੀਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।