ਆਰਐੱਸਐੱਸ ਦੇ ਆਗੂ ਦੇ ਪੁੱਤਰ ਦੇ ਕਤਲ ਦੀ ਗੁੱਥੀ ਸੁਲਝੀ; ਦੋ ਗ੍ਰਿਫ਼ਤਾਰ
ਫਿਰੋਜ਼ਪੁਰ ’ਚ ਹੋਏ ਕਤਲ ਲੲੀ ਉੱਤਰ ਪ੍ਰਦੇਸ਼ ਤੋਂ ਲਿਆਂਦੇ ਗਏ ਸਨ ਹਥਿਆਰ
ਇੱਥੋਂ ਦੀ ਪੁਲੀਸ ਨੇ ਕਾਰਵਾਈ ਕਰਦੇ ਹੋਏ ਚਾਰ ਦਿਨ ਪਹਿਲਾਂ ਫਿਰੋਜ਼ਪੁਰ ਸ਼ਹਿਰ ਵਿੱਚ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਸ਼ਾਮਲ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਐਸ ਐਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 15 ਨਵੰਬਰ ਨੂੰ ਫਿਰੋਜ਼ਪੁਰ ਸ਼ਹਿਰ ਦੇ ਆਰਐਸਐਸ ਦੇ ਆਗੂ ਬਲਦੇਵ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਐੱਸਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਤੁਰੰਤ ਕਤਲ ਦੀ ਗੁੱਥੀ ਸੁਲਝਾਉਣ ਲਈ ਵੱਖ-ਵੱਖ ਮਾਹਿਰ ਪੁਲੀਸ ਟੀਮਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਟੀਮਾਂ ਨੇ ਵੱਖ-ਵੱਖ ਵਸੀਲਿਆਂ, ਖੁਫ਼ੀਆ ਜਾਣਕਾਰੀਆਂ ਅਤੇ ਅਤਿ-ਆਧੁਨਿਕ ਟੈਕਨੀਕਲ ਢੰਗਾਂ ਦੀ ਵਰਤੋਂ ਕਰਦਿਆਂ ਦਿਨ-ਰਾਤ ਇਕ ਕਰਕੇ ਜਾਂਚ ਕੀਤੀ। ਪੁਲੀਸ ਦੀਆਂ ਇਨ੍ਹਾਂ ਸਾਂਝੀਆਂ ਕੋਸ਼ਿਸ਼ਾਂ ਸਦਕਾ, ਪੂਰੇ ਮਾਮਲੇ ਦੀ ਪਰਤ-ਦਰ-ਪਰਤ ਜਾਂਚ ਕੀਤੀ ਗਈ ਅਤੇ ਕਤਲ ਵਿਚ ਸ਼ਾਮਲ ਸਾਰੇ ਦੋਸ਼ੀਆਂ ਦੀ ਪਛਾਣ ਕੀਤੀ ਗਈ। ਇਸ ਦੇ ਨਤੀਜੇ ਵਜੋਂ ਇਸ ਘਿਨਾਉਣੇ ਕਤਲ ਨੂੰ ਅੰਜਾਮ ਦੇਣ ਵਿਚ ਸ਼ਾਮਲ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਜਿਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ ਹਰਸ਼ ਵਾਸੀ ਬਸਤੀ ਭੱਟੀਆਂ ਵਾਲੀ, ਫਿਰੋਜ਼ਪੁਰ ਸ਼ਹਿਰ ਅਤੇ ਕੰਨਵ ਵਾਸੀ ਬਸਤੀ ਭੱਟੀਆਂ ਵਾਲੀ ਫਿਰੋਜ਼ਪੁਰ ਸ਼ਹਿਰ ਹਨ। ਗ੍ਰਿਫ਼ਤਾਰੀ ਦੌਰਾਨ ਦੋਸ਼ੀਅਨ ਪਾਸੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਤਕਨੀਕੀ ਢੰਗ ਨਾਲ ਜਾਂਚ ਜਾਰੀ ਹੈ। ਪੁਲੀਸ ਦਾ ਮੰਨਣਾ ਹੈ ਕਿ ਇਨ੍ਹਾਂ ਫੋਨਾਂ ਵਿਚੋਂ ਸਾਜ਼ਿਸ਼ ਨਾਲ ਜੁੜੇ ਅਹਿਮ ਸਬੂਤ ਮਿਲ ਸਕਦੇ ਹਨ। ਪੁਲੀਸ ਵੱਲੋਂ ਕੀਤੀ ਗਈ ਜਾਂਚ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਇਸ ਘਟਨਾ ਨੂੰ ਅੰਜਾਮ ਦੇਣ ਲਈ ਵਰਤੇ ਗਏ ਹਥਿਆਰ ਉੱਤਰ ਪ੍ਰਦੇਸ਼ (ਯੂ.ਪੀ.) ਤੋਂ ਲੈ ਕੇ ਆਏ ਸਨ। ਗੋਲੀ ਚਲਾਉਣ ਵਾਲੇ ਵਿਅਕਤੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਰਸ਼ ਅਤੇ ਕੰਨਵ ਦੀ ਮੱਦਦ ਨਾਲ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ ਸਨ। ਐੱਸਐੱਸਪੀ ਫਿਰੋਜ਼ਪੁਰ ਨੇ ਭਰੋਸਾ ਦਿਵਾਇਆ ਹੈ ਕਿ ਜਲਦ ਹੀ ਇਸ ਘਟਨਾ ਵਿਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲੀਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਨਵੀਨ ਅਰੋੜਾ ਦੇ ਕਤਲ ਦੀ ਸਾਜ਼ਿਸ਼ 13 ਨਵੰਬਰ ਨੂੰ ਕੰਨਵ ਦੇ ਜਨਮ ਦਿਨ ਵਾਲੇ ਦਿਨ, ਕੰਨਵ ਦੇ ਘਰ ਕੰਨਵ, ਹਰਸ਼, ਬਾਦਲ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਵੱਲੋਂ ਰਚੀ ਗਈ ਸੀ।

