ਕਤਲ ਮਾਮਲਾ: ਆਪਣੀ ਧੀ ’ਤੇ ਬੁਰੀ ਨਜ਼ਰ ਰੱਖਦਾ ਸੀ ਮੁਲਜ਼ਮ
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਭਾਜਪਾ ਆਗੂ ਜੈਇੰਦਰ ਕੌਰ ਨੇ ਪੀਡ਼ਤਾਂ ਨਾਲ ਦੁੱਖ ਵੰਡਾਇਆ
ਹਤਿੰਦਰ ਮਹਿਤਾ
ਇਥੇ ਪਾਰਸ ਅਸਟੇਟ ਵਿੱਚ 13 ਸਾਲਾ ਲੜਕੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਹੁਣ ਨਵਾਂ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਹਰਮਿੰਦਰ ਸਿੰਘ ਰਿੰਪੀ ਆਪਣੀ ਧੀ ’ਤੇ ਗਲਤ ਨਜ਼ਰ ਰੱਖਦਾ ਸੀ। ਰਿੰਪੀ ਦੀ ਵੱਡੀ ਧੀ ਤਿੰਨ ਸਾਲਾਂ ਤੋਂ ਆਪਣੇ ਨਾਨਕੇ ਘਰ ਲੁਧਿਆਣਾ ਵਿੱਚ ਰਹਿ ਰਹੀ ਹੈ। ਉਸ ਦੀ ਮਾਂ ਨੇ ਉਸ ਨੂੰ ਉੱਥੇ ਭੇਜ ਦਿੱਤਾ ਸੀ, ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਧੀ ਆਪਣੇ ਪਿਤਾ ਦੇ ਨਾਲ ਰਹੇ। ਉਸ (ਮਾਂ) ਨੇ ਇਹ ਫੈਸਲਾ ਰਿੰਪੀ ਦੀਆਂ ਹਿੰਸਕ ਆਦਤਾਂ ਅਤੇ ਬੱਚਿਆਂ ਪ੍ਰਤੀ ਉਸ ਦੇ ਵਿਵਹਾਰ ਨੂੰ ਦੇਖਦਿਆਂ ਲਿਆ ਸੀ। ਮੁਲਜ਼ਮ ਦੀ ਪਤਨੀ ਵੀ ਲੰਬੇ ਸਮੇਂ ਤੋਂ ਉਸ ਤੋਂ ਦੂਰੀ ਬਣਾਏ ਹੋਈ ਸੀ। ਉਹ ਕਦੇ-ਕਦਾਈਂ ਆਪਣੀ ਛੋਟੀ ਧੀ ਨੂੰ ਲੈ ਕੇ ਉਸ ਦੇ ਕੋਲ ਆਉਂਦੀ ਸੀ ਅਤੇ ਥੋੜ੍ਹੀ ਦੇਰ ਰੁਕਣ ਤੋਂ ਬਾਅਦ ਵਾਪਸ ਚਲੀ ਜਾਂਦੀ ਸੀ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਰਿੰਪੀ ਦੇ ਸੁਭਾਅ ਨੂੰ ਦੇਖਦਿਆਂ ਪਰਿਵਾਰ ਨੇ ਉਸ ਤੋਂ ਦੂਰ ਰਹਿਣਾ ਹੀ ਸਹੀ ਸਮਝਿਆ। ਕਈ ਲੋਕਾਂ ਨੇ ਟਿੱਪਣੀ ਕੀਤੀ ਕਿ ਜੋ ਆਪਣੀ ਧੀ ਦਾ ਸਗਾ ਨਹੀਂ, ਉਹ ਕਿਸੇ ਹੋਰ ਦੀ ਬੱਚੀ ਦੀ ਸੁਰੱਖਿਆ ਕਿਵੇਂ ਕਰੇਗਾ? ਘਟਨਾ ਤੋਂ ਬਾਅਦ ਸੋਮਵਾਰ ਨੂੰ ਲੋਕਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਵਾਰਦਾਤ ਤੋਂ ਬਾਅਦ ਲੋਕਾਂ ਦੀ ਮਾਰਕੁੱਟ ਵਿੱਚ ਜ਼ਖਮੀ ਹੋਇਆ ਰਿੰਪੀ ਹਸਪਤਾਲ ਵਿੱਚ ਭਰਤੀ ਸੀ। ਡਿਸਚਾਰਜ ਹੋਣ ’ਤੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਏਡੀਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਉਸ ਦਾ 3 ਦਸੰਬਰ ਤੱਕ ਪੁਲੀਸ ਰੀਮਾਂਡ ਮਿਲਿਆ ਹੈ। ਇਸ ਤੋਂ ਪਹਿਲਾ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਵੀ ਪੀੜਤਾਂ ਦੇ ਘਰ ਗਈ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਸੋਮਵਾਰ ਦੇਰ ਸ਼ਾਮ ਨੂੰ ਪਾਰਕ ਸਟੇਟ ਵਿਖੇ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਪੁਲੀਸ ’ਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋ-ਤਿੰਨ ਦਿਨਾਂ ਦੇ ਅੰਦਰ ਦੋਸ਼ੀ ਪੁਲੀਸ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਕਾਂਗਰਸ ਅਤੇ ਸ਼ਹਿਰ ਵਾਸੀਆਂ ਦੇ ਸਮਰਥਨ ਨਾਲ ਜਲੰਧਰ ਵਿੱਚ ਇੱਕ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਅੱਜ ਬਸਪਾ ਪ੍ਰਧਾਨ ਅਵਤਾਰ ਸਿਘ ਕਰੀਮਪੁਰ, ਭਾਜਪਾ ਆਗੂ ਜੈਇੰਦਰ ਕੌਰ ਤੇ ਹੋਰ ਸਿਆਸੀ ਤੇ ਸਮਾਜਸੇਵੀ ਆਗੂਆਂ ਨੇ ਪੀੜਤ ਪਹਿਵਾਰ ਦੇ ਘਰ ਗਏ ਤੇ ਸਰਕਾਰ ਨੂੰ ਦੋਸ਼ੀ ਅਤੇ ਪੁਲੀਸ ਵਿਭਾਗ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।

