ਪੈਸਿਆਂ ਖ਼ਾਤਰ ਮਾਂ ਨੇ ਨਵਜੰਮਿਆ ਪੁੱਤ ਵੇਚਿਆ
ਗਗਨਦੀਪ ਅਰੋੜਾ/ਗੁਰਿੰਦਰ ਸਿੰਘ
ਇੱਥੇ ਪੈਸਿਆਂ ਖਾਤਰ ਮਾਂ ਨੇ ਆਸ਼ਾ ਵਰਕਰ ਨਾਲ ਮਿਲ ਕੇ ਆਪਣੇ ਨਵ ਜਨਮੇ ਪੁੱਤਰ ਨੂੰ ਵੇਚ ਦਿੱਤਾ। ਥਾਣਾ ਦੁੱਗਰੀ ਦੀ ਪੁਲੀਸ ਨੇ ਔਰਤ ਦੇ ਸਹੁਰੇ ਧਾਂਦਰਾ ਰੋਡ ਦੇ ਸ਼ਹੀਦ ਭਗਤ ਸਿੰਘ ਨਗਰ ਵਾਸੀ ਗਜਰਾਜ ਸਿੰਘ ਦੀ ਸ਼ਿਕਾਇਤ ਦੀ ਜਾਂਚ ਮਗਰੋਂ ਧਾਂਦਰਾ ਰੋਡ ਦੇ ਰੂਪ ਨਗਰ ਇਲਾਕੇ ਵਿੱਚ ਰਹਿਣ ਵਾਲੀ ਉਸ ਦੀ ਨੂੰਹ ਰੀਟਾ, ਉਸ ਦੀ ਮਾਂ ਪ੍ਰੇਮਾ ਦੇਵੀ, ਆਸ਼ਾ ਵਰਕਰ ਰੇਣੂ, ਹਸਪਤਾਲ ਸਟਾਫ ਕੁਨਾਲ ਅਤੇ ਵਰਕਰ ਰਾਮ ਕੁਮਾਰ ਵਿਰੁੱਧ ਕੇਸ ਦਰਜ ਕੀਤਾ।
ਗਜਰਾਜ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਸੰਨੀ ਦਾ ਵਿਆਹ ਰੀਟਾ ਨਾਲ ਹੋਇਆ ਸੀ। ਉਸ ਦੀ ਇੱਕ ਤਿੰਨ ਸਾਲ ਦੀ ਧੀ ਸੀ। ਕੁਝ ਸਮਾਂ ਪਹਿਲਾਂ ਉਸ ਦੇ ਪੁੱਤਰ ਦੀ ਸਿਹਤ ਵਿਗੜਣ ਕਾਰਨ ਉਸ ਨੂੰ ਅਪਰੈਲ ਵਿੱਚ ਆਗਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮਗਰੋਂ ਉਸ ਦੀ ਨੂੰਹ ਨੇ ਪੁੱਤਰ ਨੂੰ ਜਨਮ ਦਿੱਤਾ ਪਰ ਪੈਸਿਆਂ ਲਈ ਉਸ ਨੇ ਨਵਜੰਮੇ ਬੱਚੇ ਨੂੰ ਅੱਗੇ ਵੇਚ ਦਿੱਤਾ। ਰੀਟਾ ਨੇ ਜਣੇਪੇ ਮਗਰੋਂ ਆਪਣੇ ਸਹੁਰੇ ਗਜਰਾਜ ਨੂੰ ਦੱਸਿਆ ਕਿ ਉਸ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਜੋ ਮਰ ਗਿਆ। ਕੁਝ ਦਿਨਾਂ ਬਾਅਦ ਰੀਟਾ ਆਗਰਾ ਗਈ ਤੇ ਆਪਣੇ ਪਤੀ ਨੂੰ ਵੀ ਅਜਿਹਾ ਹੀ ਦੱਸਿਆ।
ਸੰਨੀ ਦੀ ਇਹ ਸੁਣ ਕੇ ਅਗਲੇ ਦਿਨ ਮੌਤ ਹੋ ਗਈ। ਗਜਰਾਜ ਨੇ ਦੱਸਿਆ ਜਦੋਂ ਉਸ ਨੇ ਨੂੰਹ ਦੇ ਫੋਨ ਦੀ ਰਿਕਾਰਡਿੰਗ ਸੁਣੀ, ਤਾਂ ਪਤਾ ਲੱਗਿਆ ਕਿ ਰੀਟਾ ਨੇ ਪੁੱਤਰ ਨੂੰ ਜਨਮ ਦਿੱਤਾ ਸੀ, ਜਿਸ ਨੂੰ ਪੈਸਿਆਂ ਖਾਤਰ ਵੇਚ ਦਿੱਤਾ ਗਿਆ।
ਪੁਲੀਸ ਨੇ ਜਾਂਚ ਮਗਰੋਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ। ਜਾਂਚ ਅਧਿਕਾਰੀ ਏ ਐੱਸ ਆਈ ਬਲਦੇਵ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ ਤੇ ਜਲਦੀ ਹੀ ਗ੍ਰਿਫ਼ਤਾਰ ਕਰ
ਲਿਆ ਜਾਵੇਗਾ।