ਮਨੋਜ ਸ਼ਰਮਾ
ਇੱਥੋਂ ਨੇੜਲੇ ਪਿੰਡ ਵਿਰਕ ਕਲਾਂ ਵਿੱਚ ਅੱਜ ਸਵੇਰੇ ਕਰੀਬ 11 ਵਜੇ ਇੱਕ ਵਿਅਕਤੀ ਨੇ ਆਪਣੀ ਧੀ ਅਤੇ ਦੋਹਤੀ ਦਾ ਕਤਲ ਕਰ ਦਿੱਤਾ। ਮ੍ਰਿਤਕਾਂ ਦੀ ਸ਼ਨਾਖ਼ਤ ਜਸਮਨਦੀਪ ਕੌਰ (35) ਅਤੇ ਉਸ ਦੀ ਧੀ ਏਕਮਨੂਰ (3) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਨੰਬਰਦਾਰ ਰਾਜਵੀਰ ਸਿੰਘ ਦੀ ਧੀ ਜਸਮਨਦੀਪ ਕੌਰ ਨੇ ਕਰੀਬ ਪੰਜ ਸਾਲ ਪਹਿਲਾਂ ਘਰੋਂ ਭੱਜ ਕੇ ਪਿੰਡ ਦੇ ਹੀ ਕਿਸੇ ਦੂਜੇ ਭਾਈਚਾਰੇ ਦੇ ਨੌਜਵਾਨ ਰਵੀਨੰਦਨ ਉਰਫ਼ ਰਵੀ ਸ਼ਰਮਾ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਰਵੀਨੰਦਨ ਆਪਣੀ ਪਤਨੀ ਨਾਲ ਵਿਰਕ ਕਲਾਂ ਵਿੱਚ ਹੀ ਰਹਿ ਰਿਹਾ ਸੀ। ਤਿੰਨ ਸਾਲ ਪਹਿਲਾਂ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਸੀ। ਸੋਮਵਾਰ ਨੂੰ ਜਸਮਨਦੀਪ ਕੌਰ ਆਪਣੀ ਧੀ ਨਾਲ ਪਿੰਡ ਦੇ ਬੱਸ ਅੱਡੇ ’ਤੇ ਖੜ੍ਹੀ ਸੀ। ਇਸ ਦੌਰਾਨ ਰਾਜਵੀਰ ਸਿੰਘ ਨੇ ਅਚਾਨਕ ਹਮਲਾ ਕਰ ਕੇ ਜਸਮਨਦੀਪ ਤੇ ਏਕਮਨੂਰ ਨੂੰ ਕਹੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਕਾਰਨ ਜਸਮਨਦੀਪ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਛੋਟੀ ਬੱਚੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ। ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਬਠਿੰਡਾ ਦਿਹਾਤੀ ਦੇ ਡੀ ਐੱਸ ਪੀ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਥਾਣਾ ਸਦਰ ਅਤੇ ਚੌਕੀ ਬਲੂਆਣਾ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ। ਥਾਣਾ ਸਦਰ ਦੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਤੀ ਰਵੀਨੰਦਨ ਦੇ ਬਿਆਨਾਂ ’ਤੇ ਰਾਜਵੀਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।