ਪੰਜਾਬ ਵਿੱਚ ਸਵੇਰ ਤੇ ਰਾਤ ਦੀ ਠੰਢ ਨੇ ਜ਼ੋਰ ਫੜਿਆ
ਫ਼ਰੀਦਕੋਟ ਸਭ ਤੋਂ ਵੱਧ ਠੰਢਾ; ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ ਹੇਠਾਂ
ਪੰਜਾਬ ਤੇ ਹਰਿਆਣਾ ਵਿੱਚ ਠੰਢ ਜ਼ੋਰ ਫੜ ਰਹੀ ਹੈ। ਠੰਢ ਵਧਣ ਕਾਰਨ ਲੋਕਾਂ ਨੇ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਅੱਜ ਪੰਜਾਬ ਦੇ ਦਰਜਨ ਦੇ ਕਰੀਬ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ ਵੀ 28 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ ਨਵੰਬਰ ਦੇ ਅਖ਼ੀਰ ਤਕ ਠੰਢ ਹੋਰ ਵਧਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਪੰਜਾਬ ਦਾ ਫ਼ਰੀਦਕੋਟ ਸ਼ਹਿਰ ਰਾਤ ਸਮੇਂ ਸਭ ਤੋਂ ਠੰਢਾ ਰਿਹਾ ਹੈ, ਜਿੱਥੇ ਘੱਟ ਤੋਂ ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਹਰਿਆਣਾ ਵਿੱਚ ਮਹਿੰਦਰਗੜ੍ਹ ਸਭ ਤੋਂ ਠੰਢਾ ਰਿਹਾ ਹੈ ਜਿੱਥੇ ਘੱਟ ਤੋਂ ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਆਮ ਨਾਲੋਂ 4 ਤੋਂ 5 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਗਿਆ ਹੈ। ਡਾਕਟਰਾਂ ਵੱਲੋਂ ਲੋਕਾਂ ਨੂੰ ਠੰਢ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 9.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 9.1 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 9.4 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 9.5 ਡਿਗਰੀ ਸੈਲਸੀਅਸ, ਬਠਿੰਡਾ ਵਿੱਚ 7.8 ਡਿਗਰੀ ਸੈਲਸੀਅਸ, ਗੁਰਦਾਸਪੁਰ ਵਿੱਚ 8 ਡਿਗਰੀ ਸੈਲਸੀਅਸ, ਫਿਰੋਜ਼ਪੁਰ ਵਿੱਚ 8.7 ਡਿਗਰੀ ਸੈਲਸੀਅਸ, ਹੁਸ਼ਿਆਰਪੁਰ ਵਿੱਚ 9.7 ਡਿਗਰੀ ਸੈਲਸੀਅਸ ਅਤੇ ਰੋਪੜ ਵਿੱਚ 8.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ। ਇਸੇ ਤਰ੍ਹਾਂ ਹਰਿਆਣਾ ਦੇ ਹਿਸਾਰ ਵਿੱਚ ਘੱਟ ਤੋਂ ਘੱਟ ਤਾਪਮਾਨ 7.5 ਡਿਗਰੀ ਸੈਲਸੀਅਸ, ਕਰਨਾਲ ਵਿੱਚ 9 ਡਿਗਰੀ ਸੈਲਸੀਅਸ, ਰੋਹਤਕ ਵਿੱਚ 9.4 ਡਿਗਰੀ ਸੈਲਸੀਅਸ, ਭਿਵਾਨੀ ਵਿੱਚ 9 ਡਿਗਰੀ ਸੈਲਸੀਅਸ, ਗੁਰੂਗ੍ਰਾਮ ਵਿੱਚ 7.6 ਡਿਗਰੀ ਸੈਲਸੀਅਸ, ਕੈਥਲ ਵਿੱਚ 8.9 ਡਿਗਰੀ ਸੈਲਸੀਅਸ, ਕੁਰੂਕਸ਼ੇਤਰ ਵਿੱਚ 9.9 ਡਿਗਰੀ ਸੈਲਸੀਅਸ, ਮਹਿੰਦਰਗੜ੍ਹ ਵਿੱਚ 7.7 ਡਿਗਰੀ ਸੈਲਸੀਅਸ, ਪੰਚਕੂਲਾ ਵਿੱਚ 9.8 ਡਿਗਰੀ ਸੈਲਸੀਅਸ, ਪਾਣੀਪਤ ਵਿੱਚ 9.8 ਡਿਗਰੀ ਸੈਲਸੀਅਸ, ਸਿਰਸਾ ਵਿੱਚ 9.7 ਡਿਗਰੀ ਸੈਲਸੀਅਸ, ਸੋਨੀਪਤ ਵਿੱਚ 8.8 ਡਿਗਰੀ ਸੈਲਸੀਅਸ ਅਤੇ ਜੀਂਦ ਵਿੱਚ 8.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਗਲਾ ਪੂਰਾ ਹਫ਼ਤਾ ਮੌਸਮ ਸਾਫ਼ ਰਹੇਗਾ ਪਰ ਨਵੰਬਰ ਦੇ ਅਖ਼ੀਰ ਵਿੱਚ ਜਾਂ ਦਸੰਬਰ ਦੇ ਸ਼ੁਰੂਆਤ ਵਿੱਚ ਮੀਂਹ ਦੀ ਮਾਮੂਲੀ ਝੱਟ ਲੱਗ ਸਕਦੀ ਹੈ।

