ਮੋਰਿੰਡਾ ਨਗਰ ਕੌਂਸਲ ਪ੍ਰਧਾਨ ਦੇ ਪਰਿਵਾਰ ’ਤੇ ਨਸ਼ੇੜੀਆਂ ਵੱਲੋਂ ਹਮਲਾ
ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਨੂੰ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਦੀ ਪੁਲੀਸ ਨੂੰ ਸ਼ਿਕਾਇਤ ਕਰਨੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਸ਼ਹਿਰ ਦੇ ਹੀ ਕੁਝ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਪਿਤਾ ਸਣੇ ਦੋ ਭਰਾਵਾਂ ਦੀ ਕੁੱਟਮਾਰ ਕੀਤੀ ਗਈ। ਤਿੰਨੋਂ ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਵਿੱਚ ਦਾਖ਼ਲ ਹਨ ਜਦੋਂਕਿ ਕੁੱਟਮਾਰ ਕਰਨ ਵਾਲੀ ਧਿਰ ਦੇ ਵੀ ਤਿੰਨ ਵਿਅਕਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਨ੍ਹਾਂ ਵਿੱਚੋਂ ਇੱਕ ਨੂੰ ਡਾਕਟਰਾਂ ਨੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਰੈਫ਼ਰ ਕਰ ਦਿੱਤਾ ਹੈ।
ਕੌਂਸਲ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਦੱਸਿਆ ਕਿ ਉਨ੍ਹਾਂ ਆਪਣੇ ਵਾਰਡ ਵਿੱਚ ਕਥਿਤ ਤੌਰ ’ਤੇ ਨਸ਼ਾ ਕਰਨ ਤੇ ਵੇਚਣ ਵਾਲੇ ਲਵਪ੍ਰੀਤ ਸਿੰਘ ਤੇ ਵਰਿੰਦਰ ਵੀਰ ਸਿੰਘ ਖ਼ਿਲਾਫ਼ ਮੋਰਿੰਡਾ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ। ਪੁਲੀਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਦਾ ਡੋਪ ਟੈਸਟ ਕਰਾਇਆ ਤੇ ਉਨ੍ਹਾਂ ਨੂੰ ਸਰਕਾਰੀ ਸਿਵਲ ਹਸਪਤਾਲ ਰੋਪੜ ਵਿੱਚ ਸਥਿਤ ਨਸ਼ਾ ਮੁਕਤੀ ਕੇਂਦਰ ਵਿੱਚ ਦਾਖ਼ਲ ਕਰਵਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਜ਼ਮਾਨਤ ’ਤੇ ਆਉਣ ਸਾਰ ਹੀ ਦੋਵੇਂ ਨੌਜਵਾਨ ਧਮਕੀਆਂ ਦੇਣ ਲੱਗ ਪਏ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਹ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ਨਾਲ ਸਥਾਨਕ ਰਾਮਲੀਲਾ ਮੈਦਾਨ ਵਿੱਚ ਜਗਰਾਤੇ ਵਿੱਚ ਗਏ ਸਨ ਤਾਂ ਪਿੱਛੋਂ ਨੌਜਵਾਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਭਰਾ ਪਵਨ ਨੂੰ ਘਰ ਦੇ ਬਾਹਰ ਗਲੀ ਵਿੱਚ ਘੇਰ ਕੇ ਕੁੱਟਿਆ। ਰੌਲਾ ਸੁਣ ਕੇ ਉਸ ਦਾ ਭਰਾ ਰਾਜਿੰਦਰ ਕੁਮਾਰ ਤੇ ਪਿਤਾ ਗੁਲਜ਼ਾਰ ਸਿੰਘ ਮੌਕੇ ’ਤੇ ਪਹੁੰਚੇ ਤਾਂ ਮੁਲਜ਼ਮਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਜਦੋਂ ਉਹ ਘਰ ਆਏ ਤਾਂ ਹਮਲਾਵਰ ਆਪਣੇ ਦਰਜਨ ਦੇ ਕਰੀਬ ਸਾਥੀਆਂ ਨਾਲ ਉਸ ਦੇ ਪਿਤਾ ਤੇ ਭਰਾਵਾਂ ਦੀ ਕੁੱਟਮਾਰ ਕਰ ਰਹੇ ਸਨ। ਜਦੋਂ ਉਨ੍ਹਾਂ ਹਮਲਾਵਰਾਂ ਨੂੰ ਵੰਗਾਰਿਆ ਤਾਂ ਉਹ ਸਾਰੇ ਭੱਜ ਗਏ ਜਦਕਿ ਉਨ੍ਹਾਂ ਦੋ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਨੂੰ ਉਨ੍ਹਾਂ ਦੇ ਦੂਜੇ ਸਾਥੀ ਮਗਰੋਂ ਛੁਡਵਾ ਕੇ ਲੈ ਗਏ।
ਘਟਨਾ ਮਗਰੋਂ ਇਲਾਕੇ ਤੇ ਹਸਪਤਾਲ ਵਿੱਚ ਪੁਲੀਸ ਤਾਇਨਾਤ: ਐੱਸਐੱਚਓ
ਐੱਸਐੱਚਓ ਮੋਰਿੰਡਾ ਸ਼ਹਿਰੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਮਗਰੋਂ ਇਲਾਕੇ ਤੇ ਹਸਪਤਾਲ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਹਮਲਾਵਰਾਂ ਵਿੱਚ ਸ਼ਾਮਲ ਤਿੰਨ ਵਿਅਕਤੀ ਲਵਪ੍ਰੀਤ ਸਿੰਘ, ਵਰਿੰਦਰ ਵੀਰ ਸਿੰਘ ਅਤੇ ਗੁਰਮੀਤ ਸਿੰਘ ਨੂੰ ਵੀ ਜ਼ਖ਼ਮੀ ਹੋਣ ਉਪਰੰਤ ਸਰਕਾਰੀ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਗੁਰਮੀਤ ਸਿੰਘ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਰੈਫ਼ਰ ਕਰ ਦਿੱਤਾ ਹੈ।
ਸਰਕਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦੇਣ ਲਈ ਵਚਨਬੱਧ: ਵਿਧਾਇਕ
ਵਿਧਾਇਕ ਡਾ. ਚਰਨਜੀਤ ਸਿੰਘ ਨੇ ਆਪਣੀ ਟੀਮ ਸਣੇ ਨਗਰ ਕੌਂਸਲ ਦੇ ਪ੍ਰਧਾਨ ਦੇ ਘਰ ਪਹੁੰਚ ਕੇ ਆਪਣੀ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਗਦੇਵ ਸਿੰਘ ਭਟੋਆ ਦੇ ਨਾਲ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਵਚਨਬੱਧ ਹੈ।
ਨਿੱਜੀ ਰੰਜਿਸ਼ ਕਾਰਨ ਹੋਈ ਲੜਾਈ: ਗੁਰਮੀਤ ਸਿੰਘ
ਇਸ ਲੜਾਈ ਬਾਰੇ ਦੂਜੀ ਧਿਰ ਦੇ ਮੈਂਬਰ ਗੁਰਮੀਤ ਸਿੰਘ ਨੇ ਕਿਹਾ ਕਿ ਨਸ਼ੇ ਬਾਰੇ ਜੋ ਉਨ੍ਹਾਂ ’ਤੇ ਦੋਸ਼ ਲਾਏ ਗਏ ਹਨ ਉਹ ਗ਼ਲਤ ਹਨ, ਕਿਉਂਕਿ ਉਹ ਡਰੱਗ ਰੀ-ਹੈਬਲੀਟੇਸ਼ਨ ਸੈਂਟਰ ਵੱਲੋਂ ਸਿਫਾਰਸ਼ ਕੀਤੀ ਗੋਲੀ ਲੈ ਰਹੇ ਹਨ। ਅੱਜ ਦੀ ਲੜਾਈ ਨਿੱਜੀ ਰੰਜਿਸ਼ ਕਾਰਨ ਹੋਈ ਹੈ ਜਿਸ ਵਿੱਚ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।