ਇਸ ਤਹਿਸੀਲ ਵਿੱਚੋਂ ਲੰਘ ਰਹੀ ਚਿੱਟੀ ਵੇਈਂ ’ਚ ਆਏ ਹੜ੍ਹ ਨੇ ਕਈ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਕੱਲ੍ਹ ਤੱਕ ਵੇਈਂ ਦਾ ਪਾਣੀ ਨੇੜਲੇ ਖੇਤਾਂ ’ਚ ਹੀ ਵੜਿਆ ਸੀ ਪਰ ਅੱਜ ਹੜ੍ਹ ਦੇ ਪਾਣੀ ਨੇ ਪਿੰਡ ਜਹਾਂਗੀਰ, ਸੀਹੋਵਾਲ, ਸਿਹਾਰੀਵਾਲ, ਕੱਚੀ ਸਰਾਂ, ਢੱਡੇ, ਈਸੇਵਾਲ, ਬਾਦਸ਼ਾਹਪੁਰ, ਸਿੰਧੜ, ਮਲਸੀਆਂ, ਡੱਬਰੀ, ਨਿਮਾਜੀਪੁਰ, ਮੂਲੇਵਾਲ ਅਰਾਈਆਂ, ਬ੍ਰਾਹਮਣਾ, ਖਹਿਰਾ, ਮੇਦਾ, ਮੱਖੀ, ਕੰਗ ਕਲਾਂਤੇ ਖੁਰਦ, ਜਲਾਲਪੁਰ ਕਲਾਂ ਤੇ ਖੁਰਦ, ਨਵਾਂ ਪਿੰਡ ਖਾਲੇਵਾਲ, ਫ਼ਤਹਿਪੁਰ ਭੰਗਵਾ, ਡੁਮਾਣਾ, ਸਿੱਧੂਪੁਰ, ਨੱਲ੍ਹ, ਕੋਠਾ, ਜਮਸ਼ੇਰ ਆਦਿ ਨੂੰ ਲਪੇਟ ’ਚ ਲੈ ਲਿਆ ਹੈ। ਹੜ੍ਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ। ਕਈ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਬੈਠੇ ਹਨ ਤੇ ਕਈ ਪਰਿਵਾਰ ਉੱਚੀਆਂ ਥਾਵਾਂ ’ਤੇ ਚਲੇ ਗਏ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਦੀ ਮਦਦ ਜਾਰੀ ਹੈ। ਇਸੇ ਦੌਰਾਨ ਤਹਿਸੀਲ ਦੇ ਸਰਦਾਰ ਦਰਬਾਰਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮਲਸੀਆਂ, ਏ ਪੀ ਐੱਸ ਕਾਲਜ ਆਫ ਨਰਸਿੰਗ ਮਲਸੀਆਂ, ਸਰਕਾਰੀ ਹਾਈ ਸਕੂਲ ਨਵਾਂ ਪਿੰਡ ਖਾਲੇਵਾਲ, ਮੇਦਾ, ਮੱਖੀ, ਸਿੰਧੜ, ਕੰਗ ਕਲਾਂ ਤੇ ਖੁਰਦ, ਜਲਾਲਪੁਰ ਕਲਾਂ ਤੇ ਖੁਰਦ ਅਤੇ ਹੋਰ ਪਿੰਡਾਂ ਦੇ ਸਕੂਲ ’ਚ ਪਾਣੀ ਭਰ ਗਿਆ ਹੈ।
ਧੱਕਾ ਬਸਤੀ ਦੇ 90 ਘਰ ਹੜ੍ਹ ਵਿੱਚ ਡੁੱਬੇ
ਚਿੱਟੀ ਵੇਈਂ ’ਚ ਆਏ ਹੜ੍ਹ ਕਾਰਨ ਪਿੰਡ ਗੱਟਾ ਮੁੰਡੀ ਕਾਸੂ ਦੀ ਧੱਕਾ ਬਸਤੀ ਦੇ 90 ਪਰਿਵਾਰਾਂ ਦੇ ਘਰ ਹੜ੍ਹ ਦੇ ਪਾਣੀ ’ਚ ਡੁੱਬ ਗਏ ਹਨ। ਜ਼ਿਕਰਯੋਗ ਹੈ ਕਿ 1988 ਤੇ 2023 ’ਚ ਆਏ ਹੜ੍ਹਾਂ ਕਾਰਨ ਵੀ ਧੱਕਾ ਬਸਤੀ ਡੁੱਬ ਗਈ ਸੀ। ਬਸਤੀ ਵਾਸੀਆਂ ਨੇ ਦੱਸਿਆ ਕਿ ਕੋਈ ਵੀ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ। ਬਸਤੀ ਵਾਸੀ ਨੌਜਵਾਨ ਭਾਰਤ ਸਭਾ ਦੇ ਆਗੂ ਤਾਰਾ ਸਿੰਘ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਰਾਜ ਕੌਰ ਨੇ ਦੱਸਿਆ ਕਿ ਤਤਕਾਲੀ ਸਰਕਾਰਾਂ ਵੱਲੋਂ ਬਸਤੀ ਦੇ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦੇ ਕੇ ਸੁਰੱਖਿਅਤ ਥਾਂ ਵਸਾਉਣ ਦੇ ਵਾਅਦੇ ਵਫ਼ਾ ਨਹੀਂ ਹੋਏ। ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਅਰੋੜਾ ਨੇ ਬਸਤੀ ਦੇ ਹੜ੍ਹ ਪੀੜਤਾਂ ਦੀ ਮਦਦ ਤੇ ਉਨ੍ਹਾਂ ਦੇ ਮੁੜ ਵਸੇਬੇ ਦੀ ਮੰਗ ਕੀਤੀ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਮੰਗ ਕੀਤੀ ਪੇਂਡੂ ਮਜ਼ਦੂਰਾਂ ਨੂੰ ਪੱਕੇ ਘਰ ਬਣਾ ਕੇ ਦਿੱਤੇ ਜਾਣ।
ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਡੁੱਬੀਆਂ
ਮਲਸੀਆਂ ਨੇੜੇ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਮੀਂਹ ਦੇ ਪਾਣੀ ਵਿੱਚ ਡੁੱਬ ਗਈਆਂ ਹਨ। ਇਸ ਕਾਰਨ ਪਰਿਵਾਰਾਂ ਦਾ ਸਾਮਾਨ ਵੀ ਖ਼ਰਾਬ ਹੋ ਗਿਆ ਹੈ। ਪਰਵਾਸੀ ਮਜ਼ਦੂਰਾਂ ਨੇ ਉੱਚੀ ਥਾਂ ’ਤੇ ਪਨਾਹ ਲੈ ਲਈ ਹੈ। ਪਾਵਰਕੌਮ ਦਾ ਗਰਿੱਡ ਵੀ ਮੀਂਹ ਦੇ ਪਾਣੀ ਨਾਲ ਭਰ ਗਿਆ।
ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਯਤਨ ਜਾਰੀ
ਪਿੰਡ ਥੰਮੂਵਾਲ ਦੇ ਨਜ਼ਦੀਕ ਦਰਿਆ ਸਤਲੁਜ ਵੱਲੋਂ ਧੁੱਸੀ ਬੰਨ੍ਹ ਨੂੰ ਲਗਾਈ ਜਾ ਰਹੀ ਢਾਹ ’ਤੇ ਕਾਬੂ ਪਾਉਣ ਲਈ ਲੋਕਾਂ ਅਤੇ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹਨ। ਸੰਭਾਵਿਤ ਖ਼ਤਰੇ ਨੂੰ ਦੇਖਦਿਆ ਪ੍ਰਸ਼ਾਸਨ ਨੇ ਦਰਿਆ ਕਿਨਾਰੇ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਹਿ ਦਿੱਤਾ ਹੈ। ਇਸ ਪਿੰਡ ਦੇ ਨੀਵੇਂ ਥਾਵਾਂ ’ਤੇ ਰਹਿਣ ਵਾਲੇ ਕਰੀਬ 10 ਘਰਾਂ ਦੇ ਪਰਿਵਾਰਾਂ ਨੇ ਖ਼ਤਰੇ ਨੂੰ ਦੇਖਦਿਆ ਸੁਰੱਖਿਅਤ ਥਾਵਾਂ ’ਤੇ ਜਾਣਾ ਸ਼ੁਰੂ ਕਰ ਦਿੱਤਾ ਹੈ।