ਪੰਜਾਬ ’ਚ 16 ਹਜ਼ਾਰ ਤੋਂ ਤੋਂ ਵੱਧ ਬੀ ਡੀ ਐੱਸ ਬੇਰੁਜ਼ਗਾਰ
ਦਸ ਸਾਲਾਂ ਵਿੱਚ ਹਾਲੇ ਤੱਕ ਸਿਰਫ 40 ਪੋਸਟਾਂ ਹੀ ਕੱਢੀਅਾਂ ਗਈਅਾਂ
ਪੰਜਾਬ ਵਿੱਚ ਇਸ ਵੇਲੇ ਬੀ ਡੀ ਐੱਸ (ਦੰਦਾਂ ਦੇ ਡਾਕਟਰ) ਦੀ ਡਿਗਰੀ ਕਰਕੇ ਬੇਰੁੁਜ਼ਗਾਰ ਘੁੰਮਣ ਵਾਲਿਆਂ ਦੀ ਗਿਣਤੀ 16000 ਨੂੰ ਪਾਰ ਕਰ ਚੁੱਕੀ ਹੈ ਅਤੇ ਸਮੇਂ ਦੀਆਂ ਸਰਕਾਰਾਂ ਨੇ ਪਿਛਲੇ 10 ਸਾਲਾਂ ਵਿੱਚ ਹਾਲੇ ਤੱਕ ਸਿਰਫ 40 ਪੋਸਟਾਂ ਹੀ ਕੱਢੀਆਂ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਹਾਲੇ ਤੱਕ ਇਕ ਵੀ ਪੋਸਟ ਨਹੀਂ ਕੱਢੀ ਜਦੋਂਕਿ ਸਰਕਾਰੀ ਹਸਪਤਾਲਾਂ ਵਿੱਚ ਦੰਦਾਂ ਦੇ ਡਾਕਟਰਾਂ ਦੀ ਚਾਰ-ਚਾਰ ਹਸਪਤਾਲਾਂ ਡਿਊਟੀ ’ਤੇ ਲਗਾਈ ਹੋਈ ਹੈ। ਇਥੋਂ ਤੱਕ ਕਿ ਸਰਕਾਰੀ ਸਿਵਲ ਹਸਪਤਾਲਾਂ ਵਿੱਚ ਦੰਦਾਂ ਦੇ ਮਰੀਜ਼ਾਂ ਦੀ ਰੋਜ਼ਾਨਾ ਗਿਣਤੀ (ਓ ਪੀ ਡੀ) ਚਮੜੀ, ਅੱਖਾਂ, ਫਿਜ਼ੀਓਥੈਰੇਪੀ ਅਤੇ ਸਰਜਰੀ ਸਣੇ 6 ਵਿਭਾਗਾਂ ਦੇ ਮਰੀਜ਼ਾਂ ਤੋਂ ਜ਼ਿਆਦਾ ਹੁੰਦੀ ਹੈ। ਪੰਜਾਬ ਵਿੱਚ 10 ਬੀ ਡੀ ਐੱਸ ਕਾਲਜ ਹਨ, ਜਿਨ੍ਹਾਂ ਵਿੱਚੋਂ ਹਰੇਕ ਸਾਲ 900 ਤੋਂ ਵੱਧ ਡਾਕਟਰ ਡਿਗਰੀ ਲੈ ਕੇ ਬਾਹਰ ਨਿਕਲਦੇ ਹਨ। ਬੀ ਡੀ ਐੱਸ ਡਿਗਰੀ ਹੋਲਡਰ ਨਰੇਸ਼ ਕੁਮਾਰ, ਮਨਦੀਪ ਕੌਰ ਅਤੇ ਵਿਕਾਸ ਕੁਮਾਰ ਨੇ ਦੱਸਿਆ ਕਿ 4 ਸਾਲ ਦੀ ਬੀ ਡੀ ਐੱਸ ਡਿਗਰੀ ਕਰਨ ਲਈ ਹਰ ਵਿਦਿਆਰਥੀ ਦਾ 20 ਲੱਖ ਦੇ ਕਰੀਬ ਖ਼ਰਚਾ ਹੋ ਜਾਂਦਾ ਹੈ ਪਰ ਇਨ੍ਹਾਂ ਨੂੰ ਨਿੱਜੀ ਹਸਪਤਾਲਾਂ ਵਿੱਚ 7 ਤੋਂ 10 ਹਜ਼ਾਰ ਰੁਪਏ ਤੱਕ ਦੀ ਨੌਕਰੀ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਹੀ ਅਜਿਹਾ ਸੂਬਾ ਹੈ ਜੋ ਕਿ 5-5 ਸਾਲ ਡੈਂਟਲ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਪੋਸਟਾਂ ਨਹੀਂ ਕੱਢਦਾ ਜਦੋਂਕਿ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਸੂਬੇ ਹਰ ਸਾਲ ਜਾਂ ਦੋ ਸਾਲ ਬਾਅਦ ਡੈਂਟਲ ਡਾਕਟਰਾਂ ਦੀਆਂ ਪੋਸਟਾਂ ਕੱਢਦੇ ਅਤੇ ਨਿਯੁਕਤੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ 2020 ਵਿੱਚ 40 ਪੋਸਟਾਂ ਕੱਢੀਆਂ ਸਨ ਅਤੇ ਉਸ ਵੇਲੇ 7000 ਬੇਰੁਜ਼ਗਾਰਾਂ ਨੇ ਫਾਰਮ ਭਰੇ ਸਨ, ਪਰ ਉਸ ਤੋਂ ਬਾਅਦ ਹਾਲੇ ਤੱਕ ਕੋਈ ਪੋਸਟ ਨਹੀਂ ਕੱਢੀ ਗਈ। ਉਨ੍ਹਾਂ ਦੱਸਿਆ ਕਿ ਡੈਂਟਲ ਡਾਕਟਰਾਂ ਦੀ ਕਮੀ ਕਾਰਨ ਕਈ ਸਰਕਾਰੀ ਹਸਪਤਾਲਾਂ ਵਿੱਚ ਪਈਆਂ ਦੰਦਾਂ ਦੇ ਇਲਾਜ ਵਾਲੀਆਂ ਕਰੋੜਾਂ ਰੁਪਏ ਦੀਆਂ ਆਧੁਨਿਕ ਡੈਂਟਲ ਚੇਅਰ ਅਤੇ ਔਜ਼ਾਰ ਖ਼ਰਾਬ ਹੋ ਰਹੇ ਹਨ। ਡੈਂਟਲ ਡਿਗਰੀ ਹੋਲਡਰਾਂ ਨੇ ਦੱਸਿਆ ਕਿ ਉਹ ਇਸ ਸਬੰਧੀ ਕਈ ਵਾਰ ਵਿਧਾਇਕਾਂ ਅਤੇ ਮੰਤਰੀਆਂ ਨੂੰ ਮਿਲ ਚੁੱਕੇ ਹਨ, ਪਰ ਹਾਲੇ ਤੱਕ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ।
ਮਾਮਲੇ ਬਾਰੇ ਸਰਕਾਰ ਨੂੰ ਲਿਖਿਆ ਜਾਵੇਗਾ: ਸੰਧਵਾਂ
ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਡੈਂਟਲ ਡਿਗਰੀ ਪਾਸ ਡਾਕਟਰਾਂ ਨੇ ਆਪਣੀਆਂ ਸਮੱਸਿਆਵਾਂ ਅਤੇ ਪੋਸਟਾਂ ਕੱਢਣ ਬਾਰੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ। ਇਸ ਸਬੰਧੀ ਸਰਕਾਰ ਨੂੰ ਲਿਖਿਆ ਜਾਵੇਗਾ ਅਤੇ ਸਰਕਾਰ ਇਨ੍ਹਾਂ ਡਾਕਟਰਾਂ ਦੀਆਂ ਪੋਸਟਾਂ ਕੱਢਣ ਸਬੰਧੀ ਹਰ ਸੰਭਵ ਕੋਸ਼ਿਸ਼ ਕਰੇਗੀ।