ਉੱਤਰ-ਪੱਛਮੀ ਭਾਰਤ ’ਚ 25 ਤੱਕ ਪੱੁਜੇਗਾ ਮੌਨਸੂਨ
ਨਵੀਂ ਦਿੱਲੀ, 13 ਜੂਨ
ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਦੱਖਣ-ਪੱਛਮੀ ਮੌਨਸੂਨ ਨੇ ਇਸ ਹਫ਼ਤੇ ਮੁੜ ਗਤੀ ਫੜ ਲਈ ਹੈ ਅਤੇ ਇਹ 25 ਜੂਨ ਤੱਕ ਦਿੱਲੀ ਸਮੇਤ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਹੁੰਚ ਸਕਦਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਹ ਆਮ ਨਾਲੋਂ ਬਹੁਤ ਪਹਿਲਾਂ ਹੋਵੇਗਾ। ਮੌਨਸੂਨ 24 ਮਈ ਨੂੰ ਕੇਰਲਾ ਪਹੁੰਚਿਆ ਸੀ। ਅਗਲੇ ਕੁੱਝ ਦਿਨਾਂ ਵਿੱਚ ਇਹ ਤੇਜ਼ੀ ਨਾਲ ਵਧਿਆ ਅਤੇ 29 ਮਈ ਤੱਕ ਮੁੰਬਈ ਸਮੇਤ ਕੇਂਦਰੀ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਅਤੇ ਪੂਰੇ ਉੱਤਰ-ਪੂਰਬ ਵਿੱਚ ਪਹੁੰਚ ਗਿਆ। ਹਾਲਾਂਕਿ 28-29 ਮਈ ਤੋਂ 10-11 ਜੂਨ ਤੱਕ ਇਹ ਰੁਕ ਗਿਆ ਅਤੇ ਹੁਣ ਇਹ ਮੁੜ ਸਰਗਰਮ ਹੋ ਗਿਆ ਹੈ। ਜੂਨ ਦੇ ਸ਼ੁਰੂ ਤੋਂ ਮੀਂਹ ਘੱਟ ਪੈਣ ਕਾਰਨ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ, ਜਿਸ ਕਰਕੇ 8-9 ਜੂਨ ਤੱਕ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਵੱਡੇ ਹਿੱਸਿਆਂ ਵਿੱਚ ਅਤਿ ਦੀ ਗਰਮੀ ਹੋ ਗਈ ਹੈ। ਆਈਐੱਮਡੀ ਅਨੁਸਾਰ ਮੌਨਸੂਨ ਹੁਣ 18 ਜੂਨ ਤੱਕ ਮੱਧ ਅਤੇ ਪੂਰਬੀ ਭਾਰਤ ਦੇ ਬਾਕੀ ਹਿੱਸਿਆਂ ਅਤੇ ਉੱਤਰ-ਪੱਛਮੀ ਭਾਰਤ ਦੇ ਕੁਝ ਖੇਤਰਾਂ ਨੂੰ ਕਵਰ ਕਰ ਲਵੇਗਾ। ਇਹ 19 ਜੂਨ ਤੋਂ 25 ਜੂਨ ਵਿਚਾਲੇ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਹੁੰਚਣ ਦੀ ਉਮੀਦ ਹੈ। -ਪੀਟੀਆਈ
ਪੰਜਾਬ ਤੇ ਹਰਿਆਣਾ ਵਿੱਚ ਆਮ ਨਾਲੋਂ ਘੱਟ ਮੀਂਹ ਦੀ ਸੰਭਾਵਨਾ
ਆਈਐੱਮਡੀ ਅਨੁਸਾਰ ਪੰਜਾਬ, ਹਰਿਆਣਾ, ਕੇਰਲ ਅਤੇ ਤਾਮਿਲਨਾਡੂ ਦੇ ਕੁਝ ਦੂਰ-ਦੁਰਾਡੇ ਇਲਾਕਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪੈ ਸਕਦਾ ਹੈ। ਆਈਐੱਮਡੀ ਦੇ ਅਧਿਕਾਰੀ ਨੇ ਕਿਹਾ ਕਿ ਮੌਨਸੂਨ 22-23 ਜੂਨ ਤੱਕ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕੇਰਲਾ ਜਾਂ ਮੁੰਬਈ ਵਿੱਚ ਮੌਨਸੂਨ ਦਾ ਜਲਦੀ ਜਾਂ ਦੇਰੀ ਨਾਲ ਆਉਣ ’ਤੇ ਜ਼ਰੂਰੀ ਨਹੀਂ ਕਿ ਇਹ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਆਵੇ।
ਪੰਜਾਬ ਵਿੱਚ ਕਈ ਥਾਈਂ ਮੀਂਹ ਤੇ ਹਨੇਰੀ
ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਪੰਜਾਬ ਵਿੱਚ ਦਿਨ ਵੇਲੇ ਅਤਿ ਦੀ ਗਰਮੀ ਪਈ, ਜਦਕਿ ਬਾਅਦ ਦੁਪਹਿਰ ਕੁਝ ਸ਼ਹਿਰਾਂ ’ਚ ਅਚਾਨਕ ਹਨੇਰੀ ਤੋਂ ਬਾਅਦ ਮੀਂਹ ਪਿਆ। ਮੀਂਹ ਦੇ ਬਾਵਜੂਦ ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਮਾਨਸਾ, ਬੁਢਲਾਡਾ ਤੇ ਬਠਿੰਡਾ ਵਿੱਚ ਹਨੇਰੀ ਤੋਂ ਬਾਅਦ ਮੀਂਹ ਪਿਆ। ਜਦਕਿ ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ ਅਤੇ ਇਨ੍ਹਾਂ ਨਾਲ ਲੱਗਦੇ ਇਲਾਕਿਆਂ ਵਿੱਚ ਸਿਰਫ਼ ਤੇਜ਼ ਹਵਾਵਾਂ ਹੀ ਚੱਲੀਆਂ ਹਨ। ਮੌਸਮ ਵਿਗਿਆਨੀਆਂ ਨੇ 14 ਜੂਨ ਨੂੰ ਸੂਬੇ ਵਿੱਚ ਗਰਮੀ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਵਿੱਚ ਬਠਿੰਡਾ ਸ਼ਹਿਰ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 4 ਡਿਗਰੀ ਸੈਲਸੀਅਸ ਵੱਧ ਹੈ। ਇਸ ਦੇ ਨਾਲ ਹੀ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 42 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ। ਗਰਮੀ ਵਧਣ ਕਰਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਰਹੀਆਂ ਹਨ। ਇਸ ਦੌਰਾਨ ਦਿਨ ਦੇ ਨਾਲ ਰਾਤਾਂ ਵੀ ਤਪ ਰਹੀਆਂ ਹਨ। ਸੂਬੇ ਵਿੱਚ ਜ਼ਿਆਦਾਤਰ ਥਾਵਾਂ ’ਤੇ ਰਾਤ ਵੇਲੇ ਵੀ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ। ਇਹ ਵੀ ਆਮ ਨਾਲੋਂ 4 ਤੋਂ 6 ਡਿਗਰੀ ਸੈਲਸੀਅਸ ਤੱਕ ਵੱਧ ਹੈ।
ਅੱਜ ਅੰਮ੍ਰਿਤਸਰ ਵਿੱਚ ਤਾਪਮਾਨ 43.6 ਡਿਗਰੀ ਸੈਲਸੀਅਸ, ਲੁਧਿਆਣਾ ’ਚ 43, ਪਠਾਨਕੋਟ ’ਚ 42.5, ਫਰੀਦਕੋਟ ’ਚ 44, ਗੁਰਦਾਸਪੁਰ ’ਚ 42, ਫਾਜ਼ਿਲਕਾ ’ਚ 45.1, ਫਿਰੋਜ਼ਪੁਰ ’ਚ 42.6, ਸੰਗਰੂਰ ’ਚ 43.5, ਚੰਡੀਗੜ੍ਹ ’ਚ 39.6, ਪਟਿਆਲਾ ’ਚ 39.2, ਨਵਾਂ ਸ਼ਹਿਰ ’ਚ 39.4, ਹੁਸ਼ਿਆਰਪੁਰ ’ਚ 40.3, ਜਲੰਧਰ ’ਚ 41.5, ਮੋਗਾ ’ਚ 41.5 ਅਤੇ ਗੁਰਦਾਸਪੁਰ ’ਚ 40.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਚੌਥੇ ਦਿਨ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੋਂ ਵੱਧ ਰਹੀ
ਪੰਜਾਬ ਵਿੱਚ ਗਰਮੀ ਵਧਣ ਦੇ ਨਾਲ ਬਿਜਲੀ ਦੀ ਮੰਗ ਵੀ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਪੰਜਾਬ ਵਿੱਚ ਲਗਾਤਾਰ ਚੌਥੇ ਦਿਨ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੋਂ ਵੱਧ ਦਰਜ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਿਜਲੀ ਦੀ ਮੰਗ 16534 ਮੈਗਾਵਾਟ ਦਰਜ ਕੀਤੀ ਗਈ। ਹਾਲਾਂਕਿ ਪਿਛਲੇ ਸਾਲ ਅੱਜ ਦੇ ਦਿਨ ਇਹ 15,379 ਮੈਗਾਵਾਟ ਅਤੇ 2023 ਵਿੱਚ 11,056 ਮੈਗਾਵਾਟ ਸੀ। ਸੂਬੇ ਵਿੱਚ ਸਰਕਾਰੀ ਤੇ ਨਿੱਜੀ ਖੇਤਰ ਦੇ 5 ਥਰਮਲ ਪਲਾਂਟਾਂ ਦੇ ਸਾਰੇ 15 ਯੂਨਿਟ ਕਾਰਜਸ਼ੀਲ ਹਨ।