ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬ ’ਚ ਦੋ-ਤਿੰਨ ਦਿਨਾਂ ਦੌਰਾਨ ਮੌਨਸੂਨ ਆਉਣ ਦੀ ਸੰਭਾਵਨਾ

ਮੌਸਮ ਵਿਭਾਗ ਨੇ 20 ਤੋਂ 25 ਤੱਕ ਕਈ ਥਾਵਾਂ ’ਤੇ ਮੀਂਹ ਪੈਣ ਦੀ ਕੀਤੀ ਪੇਸ਼ੀਨਗੋਈ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 19 ਜੂਨ

Advertisement

ਪੰਜਾਬ ਵਿੱਚ ਪਿਛਲੇ ਦੋ-ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਮਗਰੋਂ ਅਗਲੇ ਦੋ-ਤਿੰਨ ਦਿਨਾਂ ਵਿੱਚ ਮੌਨਸੂਨ ਦਸਤਕ ਦੇ ਦੇਵੇਗਾ। ਇਸ ਵਾਰ ਮੌਨਸੂਨ ਦੌਰਾਨ ਪੰਜਾਬ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ 20, 21, 22, 23 ਤੇ 25 ਜੂਨ ਨੂੰ ਕਈ ਥਾਵਾਂ ’ਤੇ ਮੱਧਮ ਤੇ ਜ਼ੋਰਦਾਰ ਮੀਂਹ ਪਵੇਗਾ।

ਇਸ ਦੇ ਨਾਲ ਹੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਉਨ੍ਹਾਂ ਕਿਹਾ ਕਿ ਮੌਨਸੂਨ ਦੇ ਦਸਤਕ ਦੇਣ ਨਾਲ ਹੀ ਪੰਜਾਬ ਦੇ ਤਾਪਮਾਨ ਵਿੱਚ 4 ਤੋਂ 5 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦੇਖੀ ਜਾਵੇਗੀ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਬੰਗਾਲ ਦੀ ਖਾੜੀ ਤੋਂ ਸ਼ੁਰੂ ਹੋਇਆ ਦੱਖਣ-ਪੱਛਮੀ ਮੌਨਸੂਨ ਬਿਹਾਰ, ਉੱਤਰ ਪ੍ਰਦੇਸ਼ ਸਣੇ ਮੱਧ ਭਾਰਤ ਤੱਕ ਪਹੁੰਚ ਚੁੱਕਿਆ ਹੈ, ਜੋ ਤੇਜ਼ੀ ਨਾਲ ਉੱਤਰ ਭਾਰਤ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ 21 ਜਾਂ 22 ਜੂਨ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਆਲੇ-ਦੁਆਲੇ ਦੇ ਇਲਾਕੇ ਵਿੱਚ ਮੌਨਸੂਨ ਦਸਤਕ ਦੇ ਦੇਵੇਗਾ। ਮੌਨਸੂਨ ਦੀ ਆਮਦ ਨਾਲ ਹੀ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲੇਗੀ।

ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ, ਪਠਾਨਕੋਟ, ਫ਼ਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਮੁਹਾਲੀ, ਰੋਪੜ ਤੇ ਨਵਾਂਸ਼ਹਿਰ ਸਣੇ ਹੋਰਨਾਂ ਕਈ ਇਲਾਕਿਆਂ ਵਿੱਚ ਹਲਕਾ ਮੀਂਹ ਪਿਆ। ਮੀਂਹ ਕਰਕੇ ਅੱਜ ਵੀ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ ਮਾਮੂਲੀ ਘੱਟ ਦਰਜ ਕੀਤਾ ਗਿਆ।

ਪੰਜਾਬ ਵਿੱਚ ਮੌਨਸੂਨ ਦੇ ਜਲਦ ਹੀ ਦਸਤਕ ਦੇਣ ਦੀ ਗੱਲ ਸੁਣਦੇ ਹੀ ਆਮ ਲੋਕਾਂ ਤੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਇਸ ਦੌਰਾਨ ਕਿਸਾਨਾਂ ਵੱਲੋਂ ਝੋਨੇ ਦੀ ਲੁਆਈ ਦਾ ਕੰਮ ਵੀ ਤੇਜ਼ ਹੋ ਗਿਆ ਹੈ। ਉੱਧਰ, ਬਿਜਲੀ ਵਿਭਾਗ ਨੇ ਸੁੱਖ ਦਾ ਸਾਹ ਲਿਆ ਹੈ। ਅੱਜ ਵੀ ਬਿਜਲੀ ਦੀ ਮੰਗ 16,400 ਮੈਗਾਵਾਟ ਤੋਂ ਵੱਧ ਦਰਜ ਕੀਤੀ ਗਈ ਹੈ। ਇਸ ਵਾਰ ਬਿਜਲੀ ਦੀ ਮੰਗ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹਾਲਾਂਕਿ ਪਿਛਲੇ ਸਾਲ ਵੀ ਅੱਜ ਦੇ ਦਿਨ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਦਰਜ ਕੀਤੀ ਗਈ ਸੀ।

 

ਬਠਿੰਡਾ ਸ਼ਹਿਰ ਰਿਹਾ ਸਭ ਤੋਂ ਗਰਮ

ਪੰਜਾਬ ਵਿੱਚ ਅੱਜ ਬਠਿੰਡਾ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 36.9, ਅੰਮ੍ਰਿਤਸਰ ਵਿੱਚ 37.7, ਲੁਧਿਆਣਾ ਵਿੱਚ 36.1, ਪਟਿਆਲਾ ਵਿੱਚ 37.1, ਪਠਾਨਕੋਟ ਵਿੱਚ 35.8, ਫਰੀਦਕੋਟ ਵਿੱਚ 38, ਗੁਰਦਾਸਪੁਰ ਵਿੱਚ 36, ਨਵਾਂਸ਼ਹਿਰ ਵਿੱਚ 34.5, ਫ਼ਤਹਿਗੜ੍ਹ ਸਾਹਿਬ ਵਿੱਚ 35.7, ਫਿਰੋਜ਼ਪੁਰ ਵਿੱਚ 36.6, ਹੁਸ਼ਿਆਰਪੁਰ ਵਿੱਚ 33.6, ਜਲੰਧਰ ਵਿੱਚ 36, ਮੁਹਾਲੀ ਵਿੱਚ 36.5, ਰੋਪੜ ਵਿੱਚ 35.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

Advertisement