ਪਰਿਵਾਰ ਵਧਾਉਣ ਦੇ ਰਾਹ ’ਚ ਪੈਸਾ ਅੜਿੱਕਾ
ਨਵੀਂ ਦਿੱਲੀ (ਅਦਿਤੀ ਟੰਡਨ): ਭਾਰਤ ਸਣੇ ਦੁਨੀਆ ਭਰ ’ਚ ਜ਼ਿਆਦਾਤਰ ਲੋਕ ਆਪਣੀਆਂ ਪ੍ਰਜਨਨ ਸਬੰਧੀ ਖਾਹਿਸ਼ਾਂ ਨੂੰ ਖੁੱਲ੍ਹ ਕੇ ਪੂਰਾ ਕਰਨ ’ਚ ਔਖ ਮਹਿਸੂਸ ਕਰ ਰਹੇ ਹਨ ਕਿਉਂਕਿ ਵਿੱਤੀ ਸਥਿਤੀ ਪਰਿਵਾਰ ਪਾਲਣ ਦੇ ਰਾਹ ’ਚ ਵੱਡਾ ਅੜਿੱਕਾ ਬਣ ਰਹੀ ਹੈ। ਸੰਯੁਕਤ ਰਾਸ਼ਟਰ ਅਬਾਦੀ ਫੰਡ (ਯੂਐੱਨਐੱਫਪੀਏ) ਦੀ ਨਵੀਂ ਰਿਪੋਰਟ ’ਚ ਪ੍ਰਜਨਨ ਸਮਰੱਥਾ ’ਚ ਗਿਰਾਵਟ ਦੇ ਵਧਦੇ ਸੰਕਟ ਬਾਰੇ ਦੱਸਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਹਾਲਾਂਕਿ ਹਰ ਮੁਲਕ ਦੇ ਲੋਕ ਆਮ ਤੌਰ ’ਤੇ ਦੋ ਬੱਚੇ ਹੀ ਚਾਹੁੰਦੇ ਹਨ ਪਰ ਸਰਵੇਖਣ ਦੌਰਾਨ ਅਜਿਹੇ ਲੋਕਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਜਿਨ੍ਹਾਂ ਨੂੰ ਆਪਣਾ ਪਰਿਵਾਰ ਬਣਾਉਣ ਸਮੇਂ ਯੋਜਨਾ ਤਬਦੀਲੀ ਕਰਨੀ ਪਈ। ‘ਅਸਲ ਪ੍ਰਜਨਨ ਸੰਕਟ’ ਦੇ ਸਿਰਲੇਖ ਹੇਠਲੀ ਰਿਪੋਰਟ ਅਨੁਸਾਰ, ‘ਇਹ ਤਬਦੀਲੀਆਂ ਦੋਵਾਂ ਦਿਸ਼ਾਵਾਂ ’ਚ ਹੋਈਆਂ। ਕੁਝ ਨੇ ਘੱਟ ਬੱਚਿਆਂ ਲਈ ਆਪਣੀ ਯੋਜਨਾ ਬਦਲੀ ਤੇ ਕੁਝ ਨੇ ਵੱਧ ਬੱਚਿਆਂ ਲਈ ਯੋਜਨਾ ’ਚ ਤਬਦੀਲੀ ਕੀਤੀ। ਪ੍ਰਜਨਨ ਯੋਗ ਉਮਰ ਦੇ ਬਾਲਗਾਂ ’ਚੋਂ ਤਕਰੀਬਨ ਪੰਜਵੇਂ ਹਿੱਸਾ (18 ਫੀਸਦ) ਦਾ ਮੰਨਣਾ ਸੀ ਕਿ ਉਹ ਆਪਣੀ ਇੱਛਾ ਅਨੁਸਾਰ ਬੱਚੇ ਪੈਦਾ ਨਹੀਂ ਕਰ ਸਕਣਗੇ। 11 ਫੀਸਦ ਦਾ ਮੰਨਣਾ ਸੀ ਕਿ ਉਹ ਜਿੰਨੇ ਬੱਚੇ ਚਾਹੁੰਦੇ ਹਨ, ਉਸ ਤੋਂ ਘੱਟ ਬੱਚੇ ਪੈਦਾ ਕਰਨਗੇ ਜਦਕਿ 7 ਫੀਸਦ ਦਾ ਮੰਨਣਾ ਸੀ ਕਿ ਉਹ ਵੱਧ ਬੱਚੇ ਪੈਦਾ ਕਰਨਗੇ। ਤਕਰੀਬਨ 37 ਫੀਸਦ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਇੱਛਾ ਅਨੁਸਾਰ ਬੱਚਿਆਂ ਦੀ ਗਿਣਤੀ ਪੂਰੀ ਹੋਣ ਦੀ ਆਸ ਹੈ ਅਤੇ 45 ਫੀਸਦ ਲੋਕਾਂ ਨੇ ਇਸ ਬਾਰੇ ਕੁਝ ਨਹੀਂ ਦੱਸਿਆ।’ ਯੂਐੱਨਐੱਫਪੀਏ ਤੇ ਯੂਗੋਵ ਵੱਲੋਂ ਕੀਤੇ ਗਏ ਇਸ ਸਰਵੇਖਣ ’ਚ 14 ਮੁਲਕਾਂ ਤੋਂ 14000 ਬਾਲਗਾਂ (ਪੁਰਸ਼ ਤੇ ਮਹਿਲਾਵਾਂ) ਨੇ ਹਿੱਸਾ ਲਿਆ। ਇਨ੍ਹਾਂ ਦੇਸ਼ਾਂ ’ਚ ਭਾਰਤ ਵੀ ਸ਼ਾਮਲ ਹੈ। ਅਧਿਐਨ ’ਚ ਵਿੱਤੀ ਸਮੱਸਿਆਵਾਂ ਨੂੰ ਪ੍ਰਜਨਨ ਆਜ਼ਾਦੀ ’ਚ ਸਭ ਤੋਂ ਵੱਡਾ ਅੜਿੱਕਾ ਦੱਸਿਆ ਗਿਆ ਜਿਸ ’ਚ ਭਾਰਤ ਵਿੱਚ 38 ਫੀਸਦ ਲੋਕਾਂ ਨੇ ਕਿਹਾ ਕਿ ਵਿੱਤੀ ਅੜਿੱਕੇ ਉਨ੍ਹਾਂ ਨੂੰ ਮਨਚਾਹਿਆ ਪਰਿਵਾਰ ਬਣਾਉਣ ਤੋਂ ਰੋਕ ਰਹੀਆਂ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਨੌਕਰੀ ਦੀ ਅਸੁਰੱਖਿਆ (21 ਫੀਸਦ), ਰਿਹਾਇਸ਼ ਦੀ ਘਾਟ (22 ਫੀਸਦ) ਤੇ ਭਰੋਸੇਯੋਗ ਬਾਲ ਸੰਭਾਲ ਸੇਵਾ ਦੀ ਘਾਟ (18 ਫੀਸਦ) ਕਾਰਨ ਮਾਤਾ-ਪਿਤਾ ਬਣਨਾ ਉਨ੍ਹਾਂ ਨੂੰ ਪਹੁੰਚ ਤੋਂ ਬਾਹਰ ਲਗਦਾ ਹੈ। ਤਕਰੀਬਨ 14 ਫੀਸਦ ਵਿਅਕਤੀਆਂ ਨੇ ਦੱਸਿਆ ਕਿ ਢੁੱਕਵੇਂ ਜੀਵਨ ਸਾਥੀ ਦੀ ਘਾਟ ਕਾਰਨ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਆਪਣਾ ਪਰਿਵਾਰ ਨਹੀਂ ਪਾਲ ਸਕਣਗੇ।