ਮੁਹਾਲੀ ਨੂੰ ਅੱਜ ਮਿਲੇਗਾ ਅਤਿ-ਆਧੁਨਿਕ ਸੀਵਰੇਜ ਟਰੀਟਮੈਂਟ ਪਲਾਂਟ
ਖੇ਼ਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 6 ਜੁਲਾਈ
ਮੁਹਾਲੀ ਸ਼ਹਿਰ ਨੂੰ 7 ਜੁਲਾਈ ਨੂੰ 15 ਮਿਲੀਅਨ ਗੈਲਨ (68 ਮਿਲੀਅਨ ਲਿਟਰ) ਦੀ ਸਮਰੱਥਾ ਵਾਲਾ ਆਟੋਮੈਟਿਕ ਸੀਵਰੇਜ ਪਲਾਂਟ ਮਿਲੇਗਾ। ਪਹਿਲਾਂ ਇੱਥੇ 10 ਮਿਲੀਅਨ ਗੈਲਨ ਦੀ ਸਮਰੱਥਾ ਵਾਲਾ ਪੁਰਾਣੀ ਤਕਨੀਕ ਵਾਲਾ ਐੱਸਟੀਪੀ ਸਥਾਪਤ ਸੀ। ਤਾਜ਼ਾ ਨਵੀਂ ਐੱਸਬੀਆਰ ਤਕਨੀਕ ਰਾਹੀਂ 15 ਮਿਲੀਅਨ ਗੈਲਨ ਵਾਲਾ ਗਮਾਡਾ ਵੱਲੋਂ ਸਥਾਪਤ ਕੀਤਾ ਗਿਆ ਸੀਵਰੇਜ ਟਰੀਟਮੈਂਟ ਪਲਾਂਟ ਏਸ਼ੀਆ ਵਿੱਚ ਆਪਣੀ ਕਿਸਮ ਦਾ ਪਹਿਲਾ ਪਲਾਂਟ ਹੈ। ਇਸ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਗਿਰਧਾਰੀ ਲਾਲ ਅਗਰਵਾਲ ਪ੍ਰਾਈਵੇਟ ਲਿਮਟਿਡ ਵੱਲੋਂ ਬਣਾਇਆ ਗਿਆ ਹੈ।
ਸੈਕਟਰ 83 ਵਿਚ 14 ਏਕੜ ਥਾਂ ਵਿੱਚ ਬਣਾਏ ਗਏ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ 2021 ਵਿੱਚ ਤਤਕਾਲੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਤਤਕਾਲੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਰੱਖਿਆ ਗਿਆ ਸੀ। ਚਾਰ ਸਾਲਾਂ ਵਿੱਚ ਮੁਕੰਮਲ ਹੋਏ ਇਸ ਪਲਾਂਟ ਵਿੱਚ ਮੁਹਾਲੀ ਦੇ 53 ਤੋਂ ਲੈ ਕੇ 82 ਸੈਕਟਰ ਤੱਕ ਦੀ ਵਸੋਂ ਦਾ ਸਮੁੱਚਾ ਸੀਵਰੇਜ ਪਹੁੰਚੇਗਾ।
ਸੀਵਰੇਜ ਪਲਾਂਟ ਵਿਚ ਰੋਜ਼ਾਨਾ 6 ਕਰੋੜ 80 ਲੱਖ ਲਿਟਰ ਪਾਣੀ ਸੋਧਿਆ ਜਾ ਸਕੇਗਾ। ਇਸ ਪਲਾਂਟ ਵਿਚ ਇੱਕ ਮੈਗਾਵਾਟ ਦਾ ਸੋਲਰ ਬਿਜਲਈ ਪਲਾਂਟ ਵੀ ਲਗਾਇਆ ਗਿਆ ਹੈ, ਜਿਹੜਾ ਪਲਾਂਟ ਦੀ ਰੋਜ਼ਾਨਾ ਢਾਈ ਮੈਗਾਵਾਟ ਦੀ ਬਿਜਲੀ ਖ਼ਪਤ ਵਿਚ ਆਪਣਾ ਯੋਗਦਾਨ ਪਾਵੇਗਾ।
ਮੁੰਡੀਆਂ ਨੇ ਉਦਘਾਟਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ
ਮਕਾਨ ਅਤੇ ਸ਼ਹਿਰੀ ਵਿਕਾਸ, ਮਾਲ, ਪੁਨਰਵਾਸ ਤੇ ਆਫ਼ਤ ਪ੍ਰਬੰਧਨ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗਾਂ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਪਲਾਂਟ ਦੇ ਉਦਘਾਟਨ ਲਈ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਪਲਾਂਟ ਦਾ ਰਸਮੀ ਉਦਘਾਟਨ ਸੋਮਵਾਰ ਨੂੰ ਬਾਅਦ ਦੁਪਹਿਰ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕਰਨਗੇ। ਇਸ ਮੌਕੇ ਮੰਤਰੀ ਨੂੰ ਪ੍ਰਾਜੈਕਟ ਦੀ ਪ੍ਰਗਤੀ ਅਤੇ ਮੁੱਖ ਵਿਸ਼ੇਸ਼ਤਾਵਾਂ ਬਾਰੇ ਵਧੀਕ ਮੁੱਖ ਪ੍ਰਸ਼ਾਸਕ ਗਮਾਡਾ ਅਮਰਿੰਦਰ ਸਿੰਘ ਮੱਲੀ, ਨਿਗਰਾਨ ਇੰਜਨੀਅਰ (ਬਾਗਬਾਨੀ ਵਿੰਗ, ਗਮਾਡਾ) ਗੁਰਜੀਤ ਸਿੰਘ ਅਤੇ ਕਾਰਜਕਾਰੀ ਇੰਜਨੀਅਰ ਹਿਮਾਂਸ਼ੂ ਵੱਲੋਂ ਜਾਣਕਾਰੀ ਦਿੱਤੀ ਗਈ।