ਮੁਹਾਲੀ ਅਦਾਲਤ ਵੱਲੋਂ ਮਜੀਠੀਆ ਦੀ ਨਿਆਂਇਕ ਹਿਰਾਸਤ ’ਚ ਵਾਧਾ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਨਾਭਾ ਦੀ ਨਿਊ ਜੇਲ੍ਹ ਵਿੱਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਉਨ੍ਹਾਂ ਨੂੰ 14 ਦਿਨਾਂ ਲਈ ਮੁੜ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਕਾਲੀ ਆਗੂ ਦੀ ਅਗਲੀ ਪੇਸ਼ੀ 2 ਅਗਸਤ ਨੂੰ ਹੋਵੇਗੀ। ਪੁਲੀਸ ਨੇ ਸਮੁੱਚੇ ਅਦਾਲਤੀ ਕੰਪਲੈਕਸ ਦੁਆਲੇ ਨਾਕੇ ਲਾਏ ਹੋਏ ਸਨ ਅਤੇ ਮੀਡੀਆ ਨੂੰ ਅਦਾਲਤੀ ਕੰਪਲੈਕਸ ਵਿੱਚ ਜਾਣ ਦੀ ਮਨਾਹੀ ਸੀ। ਮਜੀਠੀਆ ਦੀ ਬੈਰਕ ਬਦਲਣ ਅਤੇ ਜ਼ਮਾਨਤ ਸਬੰਧੀ ਅਰਜ਼ੀਆਂ ’ਤੇ ਮੁਹਾਲੀ ਦੀ ਅਦਾਲਤ ਵਿੱਚ ਸੁਣਵਾਈ 22 ਜੁਲਾਈ ਨੂੰ ਹੋਵੇਗੀ।
ਵਿਜੀਲੈਂਸ ਵੱਲੋਂ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸਵੇਰੇ 11.45 ਵਜੇ ਸਖ਼ਤ ਸੁਰੱਖਿਆ ਹੇਠ ਨਾਭਾ ਜੇਲ੍ਹ ਤੋਂ ਮੁਹਾਲੀ ਦੀ ਅਦਾਲਤ ਵਿੱਚ ਲਿਆਂਦਾ ਗਿਆ। ਅਦਾਲਤ ਵਿੱਚ ਮਜੀਠੀਆ ਦੀ ਪਤਨੀ ਗਨੀਵ ਕੌਰ ਵੀ ਹਾਜ਼ਰ ਸੀ। ਉਨ੍ਹਾਂ ਅਦਾਲਤ ਦੀ ਇਜਾਜ਼ਤ ਨਾਲ 15 ਮਿੰਟ ਆਪਣੇ ਪਤੀ ਨਾਲ ਮੁਲਾਕਾਤ ਵੀ ਕੀਤੀ। ਮਜੀਠੀਆ ਦੇ ਵਕੀਲਾਂ ਦਮਨਬੀਰ ਸਿੰਘ ਸੋਬਤੀ ਤੇ ਐੱਚਐੱਸ ਧਨੋਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਲ੍ਹ ਵਿੱਚ ਮਜੀਠੀਆ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਜਿਨ੍ਹਾਂ ਦੋ ਕੈਦੀਆਂ ਨਾਲ ਮਜੀਠੀਆ ਨੂੰ ਰੱਖਿਆ ਜਾ ਰਿਹਾ ਹੈ, ਉਹ ਬਹੁਤ ਖ਼ਤਰਨਾਕ ਅਪਰਾਧੀ ਹਨ। ਮਜੀਠੀਆ ਦੇ ਵਕੀਲਾਂ ਨੇ ਕਿਹਾ ਕਿ ਅੱਜ ਅਦਾਲਤ ਵਿੱਚ ਸਰਕਾਰੀ ਪੱਖ ਮਜੀਠੀਆ ਦੀ ਸ਼ਿਮਲਾ ਨੇੜੇ ਇੱਕ ਹਜ਼ਾਰ ਏਕੜ ਜ਼ਮੀਨ ਹੋਣ ਦੇ ਦਾਅਵੇ ਤੋਂ ਵੀ ਪਿੱਛੇ ਹੱਟ ਗਿਆ ਹੈ। ਉਨ੍ਹਾਂ ਅੱਜ ਦਿੱਲੀ ਤੇ ਚੰਡੀਗੜ੍ਹ ਆਦਿ ਥਾਵਾਂ ’ਤੇ ਮਜੀਠੀਆ ਦੀਆਂ ਜਾਇਦਾਦਾਂ ਦੀ ਕੀਤੀ ਜਾ ਰਹੀ ਮਿਣਤੀ ਨੂੰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੂੰ ਅਦਾਲਤ ਤੋਂ ਦੂਰ ਰੱਖਣ ਦੀ ਕਾਰਵਾਈ ਕਰਾਰ ਦਿੱਤਾ।
ਸਰਕਾਰੀ ਧਿਰ ਦੇ ਵਕੀਲ ਨੇ ਆਖਿਆ ਕਿ ਵਿਜੀਲੈਂਸ ਅਤੇ ਸਿਟ ਵੱਲੋਂ ਮਜੀਠੀਆ ਦੇ ਟਿਕਾਣਿਆਂ ’ਤੇ ਤਲਾਸ਼ੀਆਂ, ਮਿਣਤੀ, ਛਾਪੇ ਸਾਰਾ ਕੁਝ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੇ ਵਕੀਲ ਜਾਣ-ਬੁੱਝ ਕੇ ਹਰੇਕ ਗੱਲ ’ਤੇ ਇਤਰਾਜ਼ ਉਠਾ ਰਹੇ ਹਨ।
ਮੈਨੂੰ ਮੁਲਾਕਾਤ ਦੀ ਆਗਿਆ ਨਹੀਂ ਦੇ ਰਹੇ: ਗਨੀਵ ਕੌਰ
ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਮੁਹਾਲੀ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇੱਕ ਵਾਰ ਮੁਲਾਕਾਤ ਲਈ ਸਮਾਂ ਦੇਣ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਉਨ੍ਹਾਂ ਦੇ ਪਤੀ ਬਿਕਰਮ ਸਿੰਘ ਮਜੀਠੀਆ ਨਾਲ ਮਿਲਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਉਹ ਚਾਰ ਵਾਰ ਸਮਾਂ ਮੰਗ ਚੁੱਕੇ ਹਨ ਪਰ ਅਧਿਕਾਰੀ ਮਨਾ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੇਸ਼ੀ ਵਾਲੇ ਦਿਨ ਸਰਕਾਰ ਵੱਲੋਂ ਐਮਰਜੈਂਸੀ ਵਰਗੇ ਹਾਲਾਤ ਬਣਾਏ ਜਾਣੇ ਲੋਕਤੰਤਰ ਦਾ ਘਾਣ ਹੈ।