ਮਹਿੰਦਰ ਸਿੰਘ ਰੱਤੀਆਂ
ਮੋਗਾ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਪੰਜਾਬ ਚ ਆਮ ਆਦਮੀ ਪਾਰਟੀ ਦੇ ਸਭ ਤੋਂ ਪਹਿਲੇ ਮੇਅਰ ਬਣੇ ਸਨ। ਅਸਤੀਫ਼ਾ ਦੇਣ ਬਾਰੇ ਭੇਤ ਹਾਲੇ ਬਰਕਰਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ‘ਆਪ’ ਨੇ ਪਾਰਟੀ ’ਚੋਂ ਵੀ ਮੁਅੱਤਲ ਕਰ ਦਿੱਤਾ ਹੈ। ਭਾਵੇਂ ਉਹ ਉੱਘੇ ਸਮਾਜ ਸੇਵੀ ਮੰਨੇ ਜਾਂਦੇ ਹਨ ਪਰ ਅਸਤੀਫ਼ੇ ਨੂੰ ਔਰਤ ਨੂੰ ਨਸ਼ਾ ਤਸਕਰੀ ਦੇ ਕੇਸ ’ਚ ਬਚਾਉਣ ਲਈ ਕਥਿਤ ਲੈਣ-ਦੇਣ ਦੇ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਸ ਦੀ ਵੀਡੀਓ ਵੀ ਹੈ। ਇਸ ਮਗਰੋਂ ਚਾਨੀ ਤੋਂ ਅਸਤੀਫ਼ਾ ਲੈਣ ਬਾਰੇ ਦੱਸਿਆ ਜਾਂਦਾ ਹੈ। ਨਗਰ ਨਿਗਮ ਕਮਿਸ਼ਨਰ ਜਸਪਿੰਦਰ ਸਿੰਘ ਨੇ ਮੇਅਰ ਬਲਜੀਤ ਸਿੰਘ ਚਾਨੀ ਵੱਲੋਂ ਅਸਤੀਫ਼ਾ ਦੇਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਆਪਣੇ ਅਸਤੀਫ਼ੇ ਵਿੱਚ ਸਿਹਤ ਤੇ ਕੁਝ ਹੋਰ ਕਾਰਨਾਂ ਦਾ ਜ਼ਿਕਰ ਕੀਤਾ ਹੈ। ਹਾਲਾਂਕਿ ਮੇਅਰ ਚਾਨੀ ਆਪਣੇ ਅਸਤੀਫ਼ੇ ਬਾਰੇ ਚੁੱਪ ਹਨ। ਉਨ੍ਹਾਂ ਦਾ ਪੱਖ ਜਾਨਣ ਲਈ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਉਹ ਕਾਂਗਰਸ ਦੀ ਨੀਤਿਕਾ ਭੱਲਾ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਹੋਣ ਤੋਂ ਬਾਅਦ 21 ਅਗਸਤ 2023 ਨੂੰ ਨਿਰਵਿਰੋਧ ਮੇਅਰ ਚੁਣੇ ਗਏ ਸਨ। ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪਹਿਲੇ ਮੇਅਰ ਬਣੇ ਸਨ। ਦੂਜੇ ਪਾਸੇ ਚਾਨੀ ਨੂੰ ਆਮ ਆਦਮੀ ਪਾਰਟੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਗਲਤ ਗਤੀਵਿਧੀਆਂ ’ਚ ਸ਼ਾਮਲ ਹੋਣ ਕਾਰਨ ਪਾਰਟੀ ’ਚੋਂ ਕੱਢ ਦਿੱਤਾ ਹੈ।
ਮੇਅਰ ਬਲਜੀਤ ਸਿਘ ਚਾਨੀ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਨ੍ਹਾਂ ਨੇ ਨਾ ਕਦੇ ਰਿਸ਼ਵਤ ਲਈ ਹੈ ਅਤੇ ਨਾ ਲਵੇਗਾ।

