ਮੋਗਾ: ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ
ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਜੂਨ
ਪਿੰਡ ਪੱਤੋ ਹੀਰਾ ਸਿੰਘ ਵਿੱਚ ਨੌਜਵਾਨ ਦੀ ਘਰ ’ਚੋਂ ਗਲੀ-ਸੜੀ ਲਾਸ਼ ਮਿਲੀ ਹੈ। ਪੁਲੀਸ ਨੇ ਮੁੱਢਲੀ ਜਾਂਚ ਮਗਰੋਂ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਅ ਹੈ। ਥਾਣਾ ਨਿਹਾਲ ਸਿੰਘ ਵਾਲਾ ਮੁਖੀ ਪੂਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਉਰਫ਼ ਅਮਨਾ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਹਰਦੀਪ ਸਿੰਘ ਦੇ ਬਿਆਨਾਂ ’ਤੇ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਉੁਰਫ਼ ਨਿੱਕੀ ਅਤੇ ਉਸ ਦੇ ਕਥਿਤ ਪ੍ਰੇਮੀ ਗੁਲਜ਼ਾਰ ਸਿੰਘ ਉਰਫ਼ ਬਿੱਟੂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਮਨਦੀਪ ਸਿੰਘ ਉਰਫ਼ ਅਮਨਾ ਦੋ ਬੱਚਿਆਂ ਦਾ ਪਿਤਾ ਸੀ ਅਤੇ ਪਤੀ-ਪਤਨੀ ਵਿਚਾਲੇ ਕਲੇਸ਼ ਰਹਿੰਦਾ ਸੀ। ਮ੍ਰਿਤਕ ਦੇ ਭਰਾ ਮੁਤਾਬਕ ਜਸਵਿੰਦਰ ਕੌਰ ਉਰਫ਼ ਨਿੱਕੀ ਆਪਣੇ ਪ੍ਰੇਮੀ ਗੁਲਜ਼ਾਰ ਸਿੰਘ ਉਰਫ਼ ਬਿੱਟੂ ਨਾਲ ਨਿਹਾਲ ਸਿੰਘ ਵਾਲਾ ਵਿੱਚ ਰਹਿਣ ਲੱਗ ਪਈ ਸੀ। ਸ਼ਿਕਾਇਤਕਰਤਾ ਨੇ ਮੋਹਤਬਰਾਂ ਨਾਲ ਘਰ ਦੇ ਕਮਰੇ ਨੂੰ ਲੱਗਾ ਤਾਲਾ ਤੋੜ ਕੇ ਦੋਖਿਆ ਤਾਂ ਉਸ ਦੇ ਭਰਾ ਦੀ ਗਲੀ ਸੜੀ ਲਾਸ਼ ਬੈੱਡ ’ਤੇ ਪਈ ਸੀ।
ਪਰਿਵਾਰ ਨਾਲ ਮਿਲ ਕੇ ਪ੍ਰੇਮੀ ਘਰ ’ਚ ਦੱਬਿਆ
ਬਟਾਲਾ (ਹਰਜੀਤ ਸਿੰਘ ਪਰਮਾਰ): ਇੱਥੇ ਗੋਬਿੰਦ ਨਗਰ ਵਿੱਚ ਪ੍ਰੇਮਿਕਾ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਕਥਿਤ ਤੌਰ ’ਤੇ ਨਾਬਾਲਗ ਪ੍ਰੇਮੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਉਸ ਦੀ ਲਾਸ਼ ਆਪਣੇ ਘਰ ਵਿੱਚ ਦੱਬ ਦਿੱਤੀ। ਮ੍ਰਿਤਕ ਦੀ ਪਛਾਣ ਸਾਹਿਲ ਮੱਟੂ (17) ਪੁੱਤਰ ਲਿਆਕਤ ਮਸੀਹ ਵਾਸੀ ਨਵੀਂ ਆਬਾਦੀ, ਪੂੰਦਰ ਬਟਾਲਾ ਵਜੋਂ ਹੋਈ ਹੈ। ਮਾਮਲਾ ਸਾਹਮਣੇ ਉਦੋਂ ਆਇਆ ਜਦੋਂ ਮ੍ਰਿਤਕ ਦਾ ਪਰਿਵਾਰ ਛੇ ਦਿਨ ਤੋਂ ਲਾਪਤਾ ਲੜਕੇ ਦੀ ਭਾਲ ਵਿੱਚ ਉਸ ਦੀ ਪ੍ਰੇਮਿਕਾ ਦੇ ਘਰ ਪਹੁੰਚਿਆ। ਪ੍ਰੇਮਿਕਾ ਦੇ ਘਰੋਂ ਆਉਂਦੀ ਬਦਬੂ ਕਾਰਨ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਮਗਰੋਂ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਸਤਨਾਮ ਸਿੰਘ, ਡੀਐੱਸਪੀ ਪਰਮਵੀਰ ਸਿੰਘ, ਐੱਸਐੱਚਓ ਨਿਰਮਲ ਸਿੰਘ ਅਤੇ ਫੋਰੈਂਸਿਕ ਟੀਮ ਦੀ ਨਿਗਰਾਨੀ ਹੇਠ ਘਰ ਦੇ ਕਮਰੇ ਵਿੱਚੋਂ ਕਰੀਬ ਪੰਜ ਫੁੱਟ ਡੂੰਘਾ ਟੋਇਆ ਪੁੱਟ ਕੇ ਲਾਸ਼ ਬਰਾਮਦ ਕੀਤੀ। ਡੀਐੱਸਪੀ ਪਰਮਵੀਰ ਸਿੰਘ ਨੇ ਦੱਸਿਆ ਕਿ ਥਾਣਾ ਸਿਵਲ ਲਾਈਲਜ਼ ਪੁਲੀਸ ਨੇ ਸਬੰਧਤ ਲੜਕੀ, ਉਸ ਦੀ ਮਾਂ ਕੁਲਜੀਤ, ਉਸ ਦੇ ਭਰਾ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸੁੱਤੀ ਪਤਨੀ ਦਾ ਕਹੀ ਨਾਲ ਗਲਾ ਵੱਢਿਆ
ਏਲਨਾਬਾਦ (ਜਗਤਾਰ ਸਮਾਲਸਰ): ਇੱਥੇ ਪਿੰਡ ਰਾਮਪੁਰਾ ਢਿੱਲੋਂ ਵਿੱਚ ਅੱਜ ਸਵੇਰੇ ਕਰੀਬ ਚਾਰ ਵਜੇ ਪਰਿਵਾਰਕ ਝਗੜੇ ਤੋਂ ਤੰਗ ਆ ਕੇ ਪਤੀ ਨੇ ਆਪਣੀ ਸੁੱਤੀ ਪਈ ਪਤਨੀ ਦਾ ਕਹੀ ਨਾਲ ਗਲਾ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲੀਸ ਨੇ ਮੌਕੇ ਤੋਂ ਲਾਸ਼ ਬਰਾਮਦ ਕਰ ਕੇ ਮੁਲਜ਼ਮ ਪਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਰਾਮਪੁਰਾ ਢਿੱਲੋਂ ਦਾ ਰੋਹਤਾਸ਼ ਮਜ਼ਦੂਰੀ ਕਰਦਾ ਹੈ। ਵੀਹ ਸਾਲ ਪਹਿਲਾਂ ਉਸ ਦਾ ਵਿਆਹ ਮਾਇਆ ਦੇਵੀ (35) ਨਾਲ ਹੋਇਆ ਸੀ। ਰੋਹਤਾਸ਼ ਦੇ ਦੋ ਪੁੱਤਰ ਵੀ ਹਨ। ਸ਼ੁੱਕਰਵਾਰ ਰਾਤ ਨੂੰ ਪਤੀ-ਪਤਨੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਸਵੇਰੇ ਕਰੀਬ ਚਾਰ ਵਜੇ ਰੋਹਤਾਸ਼ ਨੇ ਮੰਜੇ ’ਤੇ ਸੁੱਤੀ ਪਈ ਮਾਇਆ ਦੇਵੀ ਦੀ ਗਰਦਨ ਕਹੀ ਨਾਲ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ। ਉਸ ਨੂੰ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਸੀ।