ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੋਗਾ: ਅਸਲਾ ਬਰਾਮਦਗੀ ਦੌਰਾਨ ਪੁਲੀਸ ’ਤੇ ਫਾਇਰਿੰਗ

ਜਵਾਬੀ ਕਾਰਵਾਈ ’ਚ ਮੁਲਜ਼ਮ ਜ਼ਖ਼ਮੀ; ਸ਼ਿਵ ਸੈਨਾ ਆਗੂ ਦੀ ਹੱਤਿਆ ਮਾਮਲੇ ’ਚ ਕੀਤਾ ਸੀ ਗ੍ਰਿਫ਼ਤਾਰ
Advertisement

ਮਹਿੰਦਰ ਸਿੰਘ ਰੱਤੀਆਂ

ਮੋਗਾ, 2 ਜੁਲਾਈ

Advertisement

ਇੱਥੇ ਸ਼ਿਵ ਸੈਨਾ ਆਗੂ ਮੰਗਤ ਰਾਮ ਉਰਫ਼ ਮੰਗਾ ਦੀ ਹੱਤਿਆ ਮਾਮਲੇ ’ਚ ਗ੍ਰਿਫ਼ਤਾਰ ਸ਼ਰਾਬ ਤਸਕਰ ਤੇ ਉਸ ਦੇ ਸਾਥੀ ਨੇ ਹਥਿਆਰ ਬਰਾਮਦਗੀ ਦੌਰਾਨ ਸਿਟੀ ਪੁਲੀਸ ਦੀ ਟੀਮ ’ਤੇ ਗੋਲੀਆਂ ਚਲਾ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਦੀ ਜਵਾਬੀ ਕਾਰਵਾਈ ’ਚ ਇਕ ਮੁਲਜ਼ਮ ਗੋਲੀ ਤੇ ਦੂਜਾ ਸੱਟ ਲੱਗਣ ਕਾਰਨ ਜ਼ਖ਼ਮੀ ਹੋ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਅਜੈ ਗਾਂਧੀ, ਐੱਸਪੀ (ਡੀ) ਬਾਲ ਕ੍ਰਿਸ਼ਨ ਸਿੰਗਲਾ ਤੇ ਡੀਐੱਸਪੀ (ਡੀ) ਸੁਖਅੰਮ੍ਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦੇ ਮੁਲਜ਼ਮ ਦਲਜੀਤ ਸਿੰਘ ਉਰਫ਼ ਸਿਕੰਦਰ ਅਤੇ ਉਸ ਦੇ ਸਾਥੀ ਅਰੁਣ ਕੁਮਾਰ ਉਰਫ਼ ਆਂਡਾ ਨੂੰ ਹਿਮਾਚਲ ਪ੍ਰਦੇਸ਼ ਤੋਂ ਲਗਪਗ 4 ਮਹੀਨੇ ਪਹਿਲਾਂ ਇੱਥੇ ਹੋਏ ਸ਼ਿਵ ਸੈਨਾ ਆਗੂ ਮੰਗਤ ਰਾਮ ਉਰਫ਼ ਮੰਗਾ ਦੀ ਹੱਤਿਆ ਦੋਸ਼ ਹੇਠ ਗ੍ਰਿਫ਼ਤਾਰ ਕਰ ਕੇ ਲਿਆਂਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਲਜੀਤ ਸਿੰਘ ਉਰਫ਼ ਸਿਕੰਦਰ ਖ਼ਿਲਾਫ਼ 25 ਕੇਸ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ, ਜਿਨਾਂ ’ਚ ਉਹ ਭਗੌੜਾ ਸੀ। ਪੁਲੀਸ ਅਨੁਸਾਰ ਦੋਵਾਂ ਮੁਲਜ਼ਮਾਂ ਨੇ ਪੁਲੀਸ ਰਿਮਾਂਡ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਨਾਜਾਇਜ਼ ਪਿਸਤੌਲ ਅਤੇ ਕਾਰਤੂਸ ਪਿੰਡ ਸਿੰਘਾਂ ਵਾਲਾ ਦੇ ਗੰਦੇ ਨਾਲੇ ਦੀ ਪਟੜੀ ’ਤੇ ਰੱਖੇ ਹੋਏ ਹਨ। ਪੁਲੀਸ ਟੀਮ ਮੁਲਜ਼ਮਾਂ ਨੂੰ ਅਸਲੇ ਦੀ ਬਰਾਮਦਗੀ ਕਰਾਉਣ ਲਈ ਗੰਦੇ ਨਾਲੇ ਕੋਲ ਲੈ ਕੇ ਪੁੱਜੀ ਤਾਂ ਮੁਲਜ਼ਮ ਦਲਜੀਤ ਸਿੰਘ ਨੇ ਅਸਲਿਆਂ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਕਰਾਉਂਦੇ ਸਮੇਂ ਪੁਲੀਸ ਪਾਰਟੀ ਨੂੰ ਧੱਕਾ ਦੇ ਕੇ ਲੁਕਾ ਰੱਖੇ ਪਿਸਤੌਲ 32 ਬੋਰ ਨਾਲ ਤਿੰਨ ਫਾਇਰ ਕੀਤੇ ਅਤੇ ਮੌਕੇ ਤੋਂ ਭੱਜਣ ਲੱਗਾ। ਇਸ ਮਗਰੋਂ ਪੁਲੀਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇੱਕ ਗੋਲੀ ਮੁਲਜ਼ਮ ਦਲਜੀਤ ਸਿੰਘ ਉਰਫ਼ ਸਿਕੰਦਰ ਦੀ ਸੱਜੀ ਲੱਤ ਵਿੱਚ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ।

ਇਸੇ ਦੌਰਾਨ ਦੂਜਾ ਮੁਲਜ਼ਮ ਅਰੁਣ ਕੁਮਾਰ ਉਰਫ਼ ਆਂਡਾ ਵੀ ਮੌਕੇ ਤੋਂ ਭੱਜਣ ਲੱਗਾ ਤੇ ਉਸ ਦੀ ਲੱਤ ’ਤੇ ਸੱਟ ਲੱਗ ਗਈ। ਪੁਲੀਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਦੱਖਣੀ ਵਿੱਚ ਹਮਲੇ ਦੋਸ਼ ਹੇਠ ਕੇਸ ਦਰਜ ਕਰਕੇ 32 ਬੋਰ ਦਾ ਪਿਸਤੌਲ ਬਰਾਮਦ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਸਿਵਲ ਹਸਪਤਾਲ ਮੋਗਾ ਵਿੱਚ ਜ਼ੇਰੇ ਇਲਾਜ ਹਨ।

Advertisement