ਲੈਂਡ ਪੂਲਿੰਗ ਯੋਜਨਾ ਦੇ ਵਿਰੋਧ ’ਚ ਮੋਗਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵੱਲੋਂ ਅਸਤੀਫ਼ਾ
ਸੂਬਾ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਤਹਿਤ ਕਿਸਾਨਾਂ ਦੀ ਕਰੀਬ 60 ਹਜ਼ਾਰ ਏਕੜ ਜ਼ਮੀਨ ਨਵੀਂ ਅਰਬਨ ਅਸਟੇਟ ਲਈ ਐਕੁਆਇਰ ਕੀਤੇ ਜਾਣ ਦੇ ਰੋਸ ਵਜੋਂ ਹਾਕਮ ਧਿਰ ਦੇ ਸੀਨੀਅਰ ਆਗੂ ਅਤੇ ਮੋਗਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਮਨ ਸਿੰਘ ਬਰਾੜ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵੀ ਹਨ।
ਹਰਮਨ ਸਿੰਘ ਬਰਾੜ ਨੇ ਕਿਹਾ ਕਿ ਉਹ ਸੱਚ ਨਾਲ ਖੜ੍ਹੇ ਹਨ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪਾਈ ਪੋਸਟ ਵਿਚ ਲਿਖਿਆ, ‘‘ਮੈ ਲੈਂਡ ਪੂਲਿੰਗ ਪਾਲਿਸੀ ਨਾਲ ਅਸਹਿਮਤ ਹਾਂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦਾਂ ਹਾਂ। ਉਨ੍ਹਾਂ ਲਿਖਿਆ ਕਿ ਕਿਸਾਨੀ ਇੱਕ ਕਿੱਤਾ ਨਹੀਂ ਬਲਕਿ ਜ਼ਿੰਦਗੀ ਜਿਉਣ ਦੀ ਜਾਚ ਹੈ। ਮੈਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਇਸ ਫੈਸਲੇ ’ਤੇ ਪੁਨਰ ਵਿਚਾਰ ਕਰੋ ਅਤੇ ਪੰਜਾਬੀਆਂ ਵੱਲੋਂ ਤੁਹਾਡੇ ’ਤੇ ਕੀਤੇ ਅਥਾਹ ਵਿਸ਼ਵਾਸ ਨੂੰ ਟੁੱਟਣ ਨਾ ਦਿਓ।’’ ਉਨ੍ਹਾਂ ਦੇ ਇਸ ਫੈਸਲੇ ਦੀ ਸੈਂਕੜਿਆਂ ਦੀ ਗਿਣਤੀ ਵਿਚ ਪੰਚਾਂ ਸਰਪੰਚਾਂ ਤੇ ਹੋਰਾਂ ਨੇ ਸ਼ਲਾਘਾ ਕੀਤੀ ਹੈ।