ਮੋਦੀ ਨੇ ਭਾਰਤ ਨੂੰ ਪੂੰਜੀਪਤੀਆਂ ਹਵਾਲੇ ਕੀਤਾ: ਕਿਸ਼ੋਰੀ ਲਾਲ
ਗੁਰਨਾਮ ਸਿੰਘ ਅਕੀਦਾ
ਇੱਥੇ ਪੁੱਜੇ ਅਮੇਠੀ ਤੋਂ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਆਰਥਿਕ ਨੀਤੀਆਂ ਨੂੰ ਭਾਰਤੀ ਲੋਕਤੰਤਰ ਦੇ ਖ਼ਿਲਾਫ਼ ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਭਾਰਤ ਨੂੰ ਪੂੰਜੀਪਤੀਆਂ (ਕਾਰਪੋਰੇਟ) ਦੇ ਹਵਾਲੇ ਕਰ ਰਹੇ ਹਨ। ਉਨ੍ਹਾਂ ਮਹਾਰਾਣੀ ਕਲੱਬ ’ਚ ਕਾਂਗਰਸੀ ਆਗੂਆਂ ਨਾਲ ਮੀਟਿੰਗ ਮੌਕੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਆਰਐੱਸਐੱਸ ਦੇ ਮਨਸੂਬਿਆਂ ਤਹਿਤ ਦੇਸ਼ ਨੂੰ ਕਾਰਪੋਰੇਟ ਦੀ ਗੁਲਾਮੀ ਵੱਲ ਵਧਾ ਰਹੇ ਹਨ, ਜੋ ਭਾਰਤੀ ਲੋਕਤੰਤਰ ਤੇ ਸੰਵਿਧਾਨ ਲਈ ਖ਼ਤਰਨਾਕ ਹੈ।
ਸੰਸਦ ਮੈਂਬਰ ਦਾ ਇੱਥੇ ਪਹੁੰਚਣ ’ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸ੍ਰੀ ਮਹਿੰਦਰਾ ਨੇ ਉਨ੍ਹਾਂ ਨੂੰ ਪੰਜਾਬ ਦੀ ਸਿਆਸੀ ਸਥਿਤੀ ਅਤੇ ਕਾਂਗਰਸ ਦੀ ਰਣਨੀਤੀ ਤੋਂ ਜਾਣੂ ਕਰਵਾਇਆ। ਇਸ ਮੌਕੇ ਸ੍ਰੀ ਲਾਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕੀਤਾ ਹੈ ਅਤੇ ਉਹ ਪੰਜਾਬ ਵਿੱਚ ਵੀ ਇਸ ਮਿਸ਼ਨ ਨੂੰ ਅੱਗੇ ਵਧਾਉਣਗੇ। ਉਨ੍ਹਾਂ ਕਾਂਗਰਸੀ ਵਰਕਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਪਟਿਆਲਾ ’ਚ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੀ ਸਰਗਰਮੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇੱਕ ਜ਼ਿੰਮੇਵਾਰ ਆਗੂ ਵਜੋਂ ਉਹ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਚੱਲ ਰਹੇ ਹਨ ਅਤੇ ਨੌਜਵਾਨੀ ਵਿੱਚ ਨਵਾਂ ਜੋਸ਼ ਭਰ ਰਹੇ ਹਨ। ਇਸ ਮੌਕੇ ਹੋਰ ਕਾਂਗਰਸੀ ਆਗੂਆਂ ਨੇ ਵੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਕਾਂਗਰਸ ਆਗੂਆਂ ਨੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਨ ਲਈ ਵਚਨਬੱਧ ਹੋਣ ਦਾ ਭਰੋਸਾ ਦਿੱਤਾ।
ਇਸ ਮੌਕੇ ਡੀਸੀਸੀ ਪ੍ਰਧਾਨ ਨਰੇਸ਼ ਦੁੱਗਲ, ਵਿਸ਼ਨੂੰ ਸ਼ਰਮਾ, ਰਿਚੀ ਡਕਾਲਾ, ਹਰਵਿੰਦਰ ਨਿਪੀ, ਹਰਬੀਰ ਢੀਂਡਸਾ, ਅਨਿਲ ਮੌਦਗਿਲ, ਹਰਵਿੰਦਰ ਸ਼ੁਕਲਾ, ਰਾਜੇਸ਼ ਰਾਜੂ, ਮਲਕੀਤ ਭਾਈਆ ਅਤੇ ਰਾਜੇਸ਼ ਮੰਡੋਰਾ ਸ਼ਾਮਲ ਸਨ।