ਆਨੰਦਪੁਰ ਸਾਹਿਬ ’ਚ ਵਿਦਿਆਰਥੀਆਂ ਦਾ ਮੌਕ ਸੈਸ਼ਨ ਅੱਜ
ਆਰਜ਼ੀ ਵਿਧਾਨ ਸਭਾ ਵਿੱਚ ਚੱਲੇਗੀ ਕਾਰਵਾਈ; ਭਗਵੰਤ ਮਾਨ ਦੇ ਹਲਕੇ ਦਾ ਵਿਦਿਆਰਥੀ ਬਣੇਗਾ ਮੁੱਖ ਮੰਤਰੀ
ਪੰਜਾਬ ਵਿਧਾਨ ਸਭਾ ਵੱਲੋਂ ਸੰਵਿਧਾਨ ਦਿਵਸ ਮੌਕੇ 26 ਨਵੰਬਰ ਨੂੰ ਕਰਵਾਇਆ ਜਾਣ ਵਾਲਾ ਵਿਦਿਆਰਥੀਆਂ ਦਾ ਮੌਕ ਸੈਸ਼ਨ ਹੁਣ ਚੰਡੀਗੜ੍ਹ ਦੀ ਥਾਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਵੇਗਾ। ਇਸ ਤਬਦੀਲੀ ਮਗਰੋਂ ਵਿਦਿਆਰਥੀਆਂ ਦੀ ਮੌਕ ਵਿਧਾਨ ਸਭਾ ਹੁਣ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਥਾਪਤ ਆਰਜ਼ੀ ਵਿਧਾਨ ਸਭਾ ਵਿੱਚ ਜੁੜੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਇਸ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕਰਨ ਦਾ ਮੌਕਾ ਮਿਲੇਗਾ। ਵਿਧਾਨ ਸਭਾ ਵੱਲੋਂ ਸੱਦੇ ਇਸ ਮੌਕ ਸੈਸ਼ਨ ਦੌਰਾਨ ਫਰੀਦਕੋਟ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਜਗਮੰਦਰ ਸਿੰਘ (ਹਲਕਾ ਕੋਟਕਪੂਰਾ) ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਭੂਮਿਕਾ ਅਦਾ ਕਰੇਗਾ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਦੇ ਸਰਕਾਰੀ ਸਕੂਲ ਦਾ ਵਿਦਿਆਰਥੀ ‘ਮੁੱਖ ਮੰਤਰੀ’ ਬਣੇਗਾ, ਜਦਕਿ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਹਲਕਿਆਂ ਦੇ ਵਿਦਿਆਰਥੀ ਆਪੋ-ਆਪਣੇ ਹਲਕੇ ਦੇ ਨੁਮਾਇੰਦਿਆਂ ਦੀ ਭੂਮਿਕਾ ਨਿਭਾਉਣਗੇ। ਸੈਸ਼ਨ ਦੀ ਕਾਰਵਾਈ ਦੌਰਾਨ ਵਿਦਿਆਰਥੀ ਪ੍ਰਸ਼ਨ ਕਾਲ, ਸਿਫ਼ਰ ਕਾਲ, ਮੁਲਤਵੀ ਪ੍ਰਸਤਾਵ, ਬਿੱਲ ਪੇਸ਼ਕਾਰੀ ਅਤੇ ਹੋਰ ਅਹਿਮ ਵਿਸ਼ਿਆਂ ’ਤੇ ਚਰਚਾ ਵਿੱਚ ਹਿੱਸਾ ਲੈਣਗੇ। ਸੰਧਵਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਸ਼ਾਸਨ ਪ੍ਰਣਾਲੀ ਨਾਲ ਜੋੜਨ ਲਈ ਅਜਿਹੇ ਸੈਸ਼ਨ ਹਰ ਸਾਲ ਕਰਵਾਏ ਜਾਣਗੇ।

