ਮਾਨਸਾ ਜੇਲ੍ਹ ਵਿੱਚ ਬਲਾਤਕਾਰ ਦੇ ਦੋਸ਼ੀ ਪਾਦਰੀ ਬਜਿੰਦਰ ਸਿੰਘ ਤੋਂ ਮੋਬਾਈਲ ਫੋਨ ਤੇ ਨਕਦੀ ਬਰਾਮਦ
Cellphone, cash recovered from rape convict pastor Bajinder Singh in Mansa jail
ਅਰਚਿਤ ਵਾਟਸ
ਮਾਨਸਾ, 25 ਜੂਨ
ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਬਲਾਤਕਾਰ ਦੇ ਦੇਸ਼ ਤਹਿਤ ਉਮਰ ਕੈਦ ਦੀ ਸਜ਼ਾ ਕੱਟ ਰਹੇ ਅਖੌਤੀ ਪਾਦਰੀ ਬਜਿੰਦਰ ਸਿੰਘ ਤੋਂ ਮੋਬਾਈਲ ਫੋਨ ਅਤੇ 2,500 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਮੰਗਲਵਾਰ ਨੂੰ ਜੇਲ੍ਹ ਅਧਿਕਾਰੀਆਂ ਅਤੇ ਸਥਾਨਕ ਪੁਲੀਸ ਵੱਲੋਂ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਇਹ ਬਰਾਮਦਗੀ ਕੀਤੀ ਗਈ ਹੈ। ਐੱਫਆਈਆਰ ਮੁਤਾਬਕ ਬਜਿੰਦਰ ਦੇ ਕਬਜ਼ੇ ਵਿੱਚੋਂ ਨਸ਼ੀਲੇ ਪਦਾਰਥ ਮਿਲੇ ਸਨ, ਜਿਸ ਤੋਂ ਬਾਅਦ ਜੇਲ੍ਹ ਦੇ ਸਹਾਇਕ ਸੁਪਰਡੈਂਟ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ। ਨਸ਼ਿਆਂ ਤੇ ਮੋਬਾਈਲ ਦੀ ਬਰਾਮਦਗੀ ਜੇਲ੍ਹ ਦੀ ਸੁਰੱਖਿਆ ਵਿੱਚ ਸੰਭਾਵਿਤ ਕਮੀਆਂ ਜਾਂ ਅੰਦਰੂਨੀ ਲੋਕਾਂ ਦੀ ਮਿਲੀਭੁਗਤ ਵੱਲ ਇਸ਼ਾਰਾ ਕਰਦੀ ਹੈ।
ਮਾਨਸਾ ਦੇ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਕਿਹਾ, ‘‘ਅਸੀਂ ਜਾਂਚ ਕਰ ਰਹੇ ਹਾਂ ਕਿ ਉਸ ਨੂੰ ਮੋਬਾਈਲ ਫੋਨ ਕਿਵੇਂ ਮਿਲਿਆ ਅਤੇ ਜੇਲ੍ਹ ਵਿੱਚ ਉਸ ਨੂੰ ਇਹ ਕਿਸ ਨੇ ਦਿੱਤਾ।’’ ਬਜਿੰਦਰ ਸਿੰਘ ਨੂੰ ਇਸ ਸਾਲ ਅਪਰੈਲ ਵਿੱਚ 2018 ਵਿੱਚ ਦਰਜ ਹਾਈ-ਪ੍ਰੋਫਾਈਲ ਬਲਾਤਕਾਰ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉਸ ਦੇ ਪੈਰੋਕਾਰ, ਮੁੱਖ ਤੌਰ ’ਤੇ ਪੰਜਾਬ ਅਤੇ ਗੁਆਂਢੀ ਰਾਜਾਂ ਤੋਂ, ਉਸ ਦੇ ਉਪਦੇਸ਼ਾਂ ਲਈ ਵੱਡੀ ਗਿਣਤੀ ਵਿੱਚ ਆਉਂਦੇ ਸਨ।

