ਸਨੌਰ ਦੇ ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਨੂੰ ਘੇਰਨ ਲਈ ਪੁਲੀਸ ਨੇ ਲੁੱਕ ਆਊਟ ਸਰਕੁਲਰ (ਐੱਲ ਓ ਸੀ) ਜਾਰੀ ਕਰਨ ਦੇ ਬਾਵਜੂਦ ਉਸ ਦੇ ਵਿਦੇਸ਼ ਉਡਾਰੀ ਮਾਰਨ ਤੋਂ ਕਈ ਤਰ੍ਹਾਂ ਦੀ ਚਰਚਾ ਛਿੜੀ ਹੋਈ ਹੈ। ਪਠਾਣਮਾਜਰਾ ਵੱਲੋਂ ਐੱਲ ਓ ਸੀ ਜਾਰੀ ਹੋਣ ਦੇ ਬਾਵਜੂਦ ਦੇਸ਼ ਛੱਡ ਜਾਣਾ ਆਪਣੇ-ਆਪ ਵਿੱਚ ਸਵਾਲ ਖੜ੍ਹੇ ਕਰਦਾ ਹੈ। ਪੁਲੀਸ ਜਦੋਂ ਕਿਸੇ ਵੀ ਨੂੰ ਵਿਦੇਸ਼ ਜਾਣ ਤੋਂ ਰੋਕਣਾ ਹੁੰਦੀ ਹੈ ਤਾਂ ਦੇਸ਼ ਦੇ ਤਕਰੀਬਨ ਸਾਰੇ ਹਵਾਈ ਅੱਡਿਆਂ ’ਤੇ ਉਸ ਦੇ ਵੇਰਵੇ ਭੇਜੇ ਜਾਂਦੇ ਹਨ।
ਪੁਲੀਸ ਨੂੰ ਪਠਾਣਮਾਜਰਾ ਵੱਲੋਂ ਆਸਟਰੇਲੀਆ ਪਹੁੰਚਣ ਲਈ ਨੇਪਾਲ ਰੂਟ ਦੀ ਵਰਤੋਂ ਦਾ ਸ਼ੱਕ ਹੈ। ਇਸ ਸਬੰਧੀ ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਟਿਆਲਾ ਪੁਲੀਸ ਅਨੁਸਾਰ ਪਠਾਣਮਾਜਰਾ ਦੇ ਸਰਕਾਰ ਖਿਲਾਫ਼ ਝੰਡਾ ਚੁੱਕਣ ਤੋਂ ਅਗਲੇ ਹੀ ਦਿਨ ਪਹਿਲੀ ਸਤੰਬਰ ਨੂੰ ਪਟਿਆਲਾ ’ਚ ਮਹਿਲਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਉਸੇ ਦਿਨ ਛਾਪਾ ਮਾਰਿਆ ਸੀ ਪਰ ਉਹ ਪੁਲੀਸ ਹੱਥ ਨਹੀਂ ਸੀ ਲੱਗਿਆ। ਉਸ ਦੇ ਵਿਦੇਸ਼ ਭੱਜਣ ਦੇ ਖ਼ਦਸ਼ੇ ਤਹਿਤ ਦੋ ਸਤੰਬਰ ਨੂੰ ਹੀ ਐੱਲ ਓ ਸੀ ਜਾਰੀ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਪਠਾਣਮਾਜਰਾ ਐੱਲ ਓ ਸੀ ਤੋਂ ਕੁਝ ਦਿਨਾਂ ਬਾਅਦ ਆਸਟਰੇਲੀਆ ਪੁੱਜਿਆ ਸੀ। ਇਸ ਕਰ ਕੇ ਉਸ ਵੱਲੋਂ ਭਾਰਤ ਦੇ ਕਿਸੇ ਵੀ ਹਵਾਈ ਅੱਡੇ ਦੀ ਵਰਤੋਂ ਨਾ ਕਰ ਕੇ ਨੇਪਾਲ ਰਸਤਿਓਂ ਹੀ ਆਸਟਰੇਲੀਆ ਲਈ ਜਹਾਜ਼ ਲੈਣ ਦਾ ਸ਼ੱਕ ਹੈ। ਪਟਿਆਲਾ ਪੁਲੀਸ ਵੀ ਵਿਧਾਇਕ ਵੱਲੋਂ ਨੇਪਾਲ ਰੂਟ ਦੀ ਵਰਤੋਂ ਕੀਤੀ ਹੋਣ ਦੀ ਸੰਭਾਵਨਾ ’ਤੇ ਹੀ ਕੰਮ ਕਰ ਰਹੀ ਹੈ। ਇਸ ਦੀ ਪੁਲੀਸ ਅਧਿਕਾਰੀਆਂ ਨੇ ਪੁਸ਼ਟੀ ਵੀ ਕੀਤੀ ਹੈ।

