ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਅੱਜ ਇੱਕ ਇੰਟਰਵਿਊ ਦੌਰਾਨ ਟਰਾਲੀ ਚੋਰੀ ਮਾਮਲੇ ’ਚ ਆਪਣੀ ਚੁੱਪ ਤੋੜੀ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਹੀ ਪੰਕਜ ਪੱਪੂ ਦੇ ਪਿਤਾ ਦੀ ਵਰਕਸ਼ਾਪ ’ਚੋਂ ਟਰਾਲੀਆਂ ਆਦਿ ਦਾ ਸਾਮਾਨ ਮਿਲਣ ਮਗਰੋਂ ਐੱਫ ਆਈ ਆਰ ਦਰਜ ਕੀਤੀ ਗਈ ਸੀ ਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਈ ਓ ਦੀ ਕੋਠੀ ’ਚ ਦੱਬਿਆ ਟਰਾਲੀਆਂ ਦਾ ਸਾਮਾਨ ਮਿਲਣ ਮਗਰੋਂ ਪਾਰਟੀ ਨੇ ਤੁਰੰਤ ਸੁਜਾਤਾ ਚਾਵਲਾ ਤੇ ਪੰਕਜ ਪੱਪੂ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਕਿਸਾਨਾਂ ਦੇ ਨਾਲ ਹਨ ਤੇ ਪੜਤਾਲ ਨਿਰਪੱਖ ਚੱਲ ਰਹੀ ਹੈ।
ਵਿਧਾਇਕ ਦੇ ਬਿਆਨਾਂ ਦੇ ਉਲਟ ਪੰਕਜ ਪੱਪੂ ਨੇ ਜਨਤਕ ਤੌਰ ‘ਤੇ ਦਾਅਵਾ ਕੀਤਾ ਸੀ ਕਿ ਕ੍ਰਿਸ਼ਨੂੰ ਨੇ ਇੱਕ ਕੌਂਸਲਰ ਦੇ ਕਹੇ ’ਤੇ ਐੱਫ ਆਈ ਆਰ ਦਰਜ ਕਰਨ ਲਈ ਪੁਲੀਸ ’ਤੇ ਦਬਾਅ ਬਣਾਇਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਹਰ ਕਦਮ ਉੱਪਰ ਕਾਰਵਾਈ ਕਰਨ ਲਈ ਕਿਸਾਨ ਜਥੇਬੰਦੀ ਨੂੰ ਹੀ ਦਬਾਅ ਬਣਾਉਣਾ ਪਿਆ ਹੈ।
ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਮੀਡਿਆ ਇੰਚਾਰਜ ਬਲਤੇਜ ਪੰਨੂ ਮੁਤਾਬਕ ਪੰਕਜ ਪੱਪੂ ਤੇ ਸੁਜਾਤਾ ਚਾਵਲਾ ਨੂੰ ਨਵੰਬਰ ਦੇ ਪਹਿਲੇ ਹਫ਼ਤੇ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ ਇਸ ਬਾਬਤ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਪੱਪੂ ਨੇ ਵੀ ਪਾਰਟੀ ਵੱਲੋਂ ਕਾਰਵਾਈ ਦੀ ਜਾਣਕਾਰੀ ਮਿਲਣ ਤੋਂ ਇਨਕਾਰ ਕੀਤਾ।
ਵਖਰੇਵਿਆਂ ਬਾਰੇ ਵਿਧਾਇਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

