ਲਾਪਤਾ ਲੜਕੀ: ਪੁਲੀਸ ਦੀ ਢਿੱਲੀ ਕਾਰਵਾਈ ਖ਼ਿਲਾਫ਼ ਸੰਘਰਸ਼ ਭਖਾਉਣ ਦਾ ਐਲਾਨ
ਜੋਗਿੰਦਰ ਸਿੰਘ ਮਾਨ
ਇਥੋਂ ਦੇ ਪਿੰਡ ਮਾਖਾ ਚਹਿਲਾਂ ਦੀ 17 ਦਿਨਾਂ ਤੋਂ ਲਾਪਤਾ ਹੋਈ ਨਾਬਾਲਗ ਲੜਕੀ ਨੂੰ ਲੱਭਣ ਲਈ ਥਾਣਾ ਜੋਗਾ ਅੱਗੇ ਲੱਗੇ ਪੱਕਾ ਮੋਰਚੇ ਦੌਰਾਨ ਅੱਜ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਮੋਰਚੇ ਦੌਰਾਨ ਐਲਾਨ ਕੀਤਾ ਕਿ ਪੁਲੀਸ ਦੀ ਢਿੱਲੀ ਕਾਰਵਾਈ ਖ਼ਿਲਾਫ਼ ਹੁਣ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਵਿੱਚ ਕੀਤੀ ਜਾ ਰਹੀ ਦੇਰੀ ਸਰਕਾਰ ਦੇ ਮਾੜੇ ਪੁਲੀਸ ਪ੍ਰਬੰਧਾਂ ਦੀ ਪੋਲ ਖੋਲ੍ਹਦੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਸੂਬਾ ਕਮੇਟੀ ਵੱਲੋਂ ਜ਼ਿਲ੍ਹਾ ਇਕਾਈ ਨਾਲ ਭਲਕੇ ਮੀਟਿੰਗ ਕਰ ਕੇ ਸੰਘਰਸ਼ ਵਿੱਢਿਆ ਜਾਵੇਗਾ। ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਦੋਸ਼ ਲਾਇਆ ਕਿ ਲੜਕੀ ਨੂੰ ਲਿਜਾਣ ਵਾਲੇ ਲੜਕੇ ਨੂੰ ਪੁਲੀਸ ਨੇ ਜੇਲ੍ਹ ਭੇਜ ਦਿੱਤਾ ਹੈ ਪਰ ਲੜਕੀ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ ਲੈਣ ਲਈ ਥਾਣਿਆਂ ਮੂਹਰੇ ਪੱਕੇ ਮੋਰਚੇ ਲਗਾਉਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਭੇਜੇ ਗਏ ਲੜਕੇ ਤੋਂ ਦਬਾਅ ਪਾ ਕੇ ਲੜਕੀ ਬਾਰੇ ਪੁੱਛ-ਪੜਤਾਲ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਹਰਦੇਵ ਸਿੰਘ, ਮਨਜੀਤ ਸਿੰਘ ਉੱਲਕ, ਸੁਖਮਿੰਦਰ ਸਿੰਘ, ਸੁਖਦੇਵ ਸਿੰਘ ਸਮਾਉਂ, ਰਾਜ ਸਿੰਘ ਅਕਲੀਆ, ਮਨਜੀਤ ਕੁਮਾਰ, ਪੱਪੀ ਸਿੰਘ, ਰਾਜੂ ਸਿੰਘ ਅਲੀਸ਼ੇਰ ਵੀ ਮੌਜੂਦ ਸਨ।