ਲਾਪਤਾ ਲੜਕੀ: ਲੋਕਾਂ ਨੇ ਥਾਣੇ ਅੱਗੇ ਪੱਕਾ ਮੋਰਚਾ ਲਾਇਆ
ਪਿੰਡ ਮਾਖਾ ਚਹਿਲਾਂ ਦੀ ਲਾਪਤਾ ਲੜਕੀ ਨੂੰ ਲੱਭਣ ’ਚ ਪੁਲੀਸ ਦੀ ਸੁਸਤੀ ਖ਼ਿਲਾਫ਼ ਅੱਜ ਲੋਕਾਂ ਨੇ ਅੱਜ ਥਾਣਾ ਜੋਗਾ ਅੱਗੇ ਮਾਨਸਾ-ਲੁਧਿਆਣਾ ਮੁੱਖ ਮਾਰਗ ’ਤੇ ਅਣਮਿਥੇ ਸਮੇਂ ਲਈ ਧਰਨਾ ਲਾ ਦਿੱਤਾ। ਇਹ ਧਰਨਾ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੀ ਅਗਵਾਈ ਹੇਠ ਲਾਇਆ ਗਿਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਨਾਬਾਲਗ ਲੜਕੀ 11 ਜੁਲਾਈ ਤੋਂ ਸਕੂਲ ਜਾਣ ਤੋਂ ਬਾਅਦ ਘਰ ਨਹੀਂ ਪਰਤੀ ਅਤੇ ਪਰਿਵਾਰ ਵੱਲੋਂ ਉਸੇ ਦਿਨ ਹੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਸੀ ਪਰ 14 ਦਿਨਾਂ ਬਾਅਦ ਵੀ ਲੜਕੀ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਹੈ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਲਾਪਤਾ ਹੋਈ ਲੜਕੀ ਨੂੰ ਲੱਭਣ ਵਿੱਚ ਪੁਲੀਸ ਵੱਲੋਂ ਦਿੱਤੇ ਗਏ ਭਰੋਸੇ ਦੇ ਬਾਵਜੂਦ ਗੱਲ ਨੂੰ ਅਣਗੌਲਿਆ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਪੁਲੀਸ ਨਾਬਾਲਗ ਲੜਕੀ ਨੂੰ ਲੱਭ ਕੇ ਪਰਿਵਾਰ ਦੇ ਹਵਾਲੇ ਨਹੀਂ ਕਰਦੀ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੁਲੀਸ ਨੇ ਜਥੇਬੰਦੀ ਦੇ ਦਬਾਅ ਕਾਰਨ ਲੜਕੀ ਨੂੰ ਲਿਜਾਣ ਵਾਲੇ ਲੜਕੇ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ ਪਰ ਲੜਕੇ ਤੋਂ ਲੜਕੀ ਬਾਰੇ ਦਬਾਅ ਪਾ ਕੇ ਪੁੱਛ-ਪੜਤਾਲ ਨਹੀਂ ਕੀਤੀ ਜਾ ਰਹੀ ਹੈ, ਜਿਸ ਕਰਕੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਪੁਲੀਸ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਡੀਐੱਸਪੀ ਬੂਟਾ ਸਿੰਘ ਗਿੱਲ, ਡੀਐੱਸਪੀ ਪ੍ਰਿਤਪਾਲ ਸਿੰਘ ਅਤੇ ਡੀਐੱਸਪੀ ਜਸਵਿੰਦਰ ਕੌਰ ਵਿਸ਼ੇਸ਼ ਤੌਰ ’ਤੇ ਪੁੱਜੇ, ਜਿਨ੍ਹਾਂ ਨੇ ਇੱਕ ਵਾਰ ਮੁੜ ਲੜਕੀ ਨੂੰ ਛੇਤੀ ਲੱਭਣ ਲਈ ਮੰਚ ਤੋਂ ਭਰੋਸਾ ਦਿੱਤਾ ਜਿਸ ਤੋਂ ਬਾਅਦ ਲੋਕਾਂ ਨੇ ਧਰਨਾ ਸੜਕ ਤੋਂ ਥਾਣੇ ਅੱਗੇ ਤਬਦੀਲ ਕਰ ਦਿੱਤਾ।