ਨੌਜਵਾਨ ਤੋਂ ਤੰਗ ਨਾਬਾਲਗ ਲੜਕੀ ਵੱਲੋਂ ਖ਼ੁਦਕੁਸ਼ੀ
ਇਥੋਂ ਦੀ ਵਿਸ਼ਰਾਂਤੀ ਸਿਟੀ ਵਿੱਚ 17 ਵਰ੍ਹਿਆਂ ਦੀ ਨਾਬਾਲਗ ਨੇ ਇਕ ਨੌਜਵਾਨ ਤੋਂ ਤੰਗ ਹੋ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਮੂਲ ਰੂਪ ’ਚ ਉੱਤਰਾਖੰਡ ਦੀ ਸੀ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾ ਵਿਸ਼ਰਾਂਤੀ ਸਿਟੀ ਵਿੱਚ ਰਹਿਣ ਵਾਲੀ ਆਪਣੀ ਵੱਡੀ ਭੈਣ ਦੇ ਘਰ ਆਈ ਹੋਈ ਸੀ। ਇਸ ਦੌਰਾਨ ਉਸ ਦੀ ਭੈਣ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਉਸ ਨੇ ਗਲ ਫਾਹਾ ਲਿਆ ਹੋਇਆ ਸੀ। ਉਸ ਦੀ ਭੈਣ ਨੇ ਉਸ ਨੂੰ ਹੇਠਾਂ ਉਤਾਰਿਆ ਅਤੇ ਫ਼ਿਰ ਹਸਪਤਾਲ ਪਹੁੰਚਾਇਆ। ਥਾਣਾ ਮੁਖੀ ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਵੱਡੀ ਭੈਣ ਅਨੁਸਾਰ ਉਸ ਦੀ ਛੋਟੀ ਭੈਣ 12ਵੀਂ ਪਾਸ ਸੀ ਅਤੇ ਜੁਲਾਈ ਦੇ ਮਹੀਨੇ ਤੋਂ ਉਸ ਕੋਲ ਰਹਿਣ ਆਈ ਹੋਈ ਸੀ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਭੈਣ ਨੂੰ ਇਕ ਨੌਜਵਾਨ ਤੰਗ ਪ੍ਰੇਸ਼ਾਨ ਕਰਦਾ ਸੀ। ਉਸ ਨੇ ਦੱਸਿਆ ਕਿ ਜਦੋਂ ਤੱਕ ਉਹ ਉਸ ਨਾਲ ਗੱਲਬਾਤ ਕਰਦੀ ਸੀ ਤਾਂ ਉਹ ਤੰਗ ਨਹੀਂ ਕਰਦਾ ਸੀ ਪਰ ਜਦੋਂ ਉਹ ਗੱਲ ਕਰਨ ਤੋਂ ਇਨਕਾਰ ਕਰਨ ਲੱਗੀ ਤਾਂ ਨੌਜਵਾਨ ਉਸ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਜਾਂਦਾ ਸੀ। ਹੁਣ ਉਸ ਦੀ ਭੈਣ ਨੇ ਬਿਲਕੁਲ ਗੱਲ ਕਰਨੀ ਬੰਦ ਕਰ ਦਿੱਤੀ ਸੀ ਜਿਸ ਕਾਰਨ ਨੌਜਵਾਨ ਉਸ ਨੂੰ ਧਮਕੀਆਂ ਦੇਣ ਲੱਗ ਪਿਆ ਸੀ। ਨੌਜਵਾਨ ਦੀਆਂ ਧਮਕੀਆਂ ਕਾਰਨ ਉਹ ਮਾਨਸਿਕ ਤੌਰ ’ਤੇ ਤੰਗ ਪ੍ਰੇਸ਼ਾਨ ਰਹਿੰਦੀ ਸੀ, ਜਿਸ ਕਾਰਨ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ’ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।