ਈਸਾਈ ਸਭਾ ’ਚ ਹਾਦਸੇ ਕਾਰਨ ਨਾਬਾਲਗ ਦੀ ਮੌਤ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 14 ਜੁਲਾਈ
ਇੱਥੇ ਭਾਦਸੋਂ ਰੋਡ ’ਤੇ ਸਿੱਧੂਵਾਲ ਵਿੱਚ ਹੁੰਦੀ ਈਸਾਈ ਸਭਾ ਵਿੱਚ 16 ਸਾਲਾ ਰਾਜਿੰਦਰ ਸਿੰਘ ਦੀ ਮੌਤ ਹੋ ਗਈ ਹੈ। ਉਹ ਮੈਣ ਰੋਡ ’ਤੇ ਪੈਂਦੇ ਪਿੰਡ ਖੁਸਰੋਪੁਰ ਦਾ ਰਹਿਣ ਵਾਲਾ ਸੀ।
ਰਾਜਿੰਦਰ ਦੇ ਪਰਿਵਾਰਕ ਮੈਂਬਰਾਂ ਤੇ ਖੁਸਰੋਪੁਰ ਵਾਸੀਆਂ ਨੇ ਈਸਾਈ ਪਾਦਰੀ ਨੂੰ ਨੌਜਵਾਨ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਾਦਰੀ ਉਨ੍ਹਾਂ ਦੀ ਗ਼ਰੀਬੀ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਦੇ ਬੱਚਿਆਂ ਨੂੰ ਵਰਗਲ਼ਾ ਕੇ ਉਨ੍ਹਾਂ ਦਾ ਕਥਿਤ ਧਰਮ ਪਰਿਵਰਤਨ ਕਰਵਾ ਰਹੇ ਹਨ। ਇਸ ਕਰ ਕੇ ਸਿੱਖ ਧਰਮ ਨਾਲ ਸਬੰਧਤ ਬੱਚੇ ਈਸਾਈ ਬਣ ਰਹੇ ਹਨ। ਇਸ ਸਬੰਧੀ ਲਾਲ ਸਿੰਘ ਤੇ ਇਸ਼ਰ ਸਿੰਘ ਫ਼ੌਜੀ ਨੇ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਦੇ ਹਨ ਪਰ ਕੁਝ ਸਮੇਂ ਤੋਂ ਈਸਾਈ ਧਰਮ ਨਾਲ ਸਬੰਧਤ ਬੰਦੇ ਉਨ੍ਹਾਂ ਦੇ ਘਰ ਆ ਕੇ ਪਰਿਵਾਰਕ ਮੈਂਬਰਾਂ ਨੂੰ ਵਰਗਲਾਉਂਦੇ ਸਨ। ਇਸ ਕਰ ਕੇ ਕੁਝ ਬੱਚੇ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਗਏ। ਇਹ ਪਾਦਰੀ ਨੌਜਵਾਨਾਂ ਤੋਂ ਹਫ਼ਤੇ ਵਿੱਚ ਦੋ ਦਿਨ ਸੇਵਾ ਕਰਵਾਉਂਦੇ ਸਨ। ਐਤਵਾਰ ਨੂੰ ਪਾਦਰੀਆਂ ਦੀ ਸਭਾ ਲੱਗੀ ਹੋਈ ਸੀ, ਉੱਥੇ ਹੀ ਰਾਜਿੰਦਰ ਸਿੰਘ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਇਸ ਬਾਰੇ ਪਾਦਰੀਆਂ ਨੇ ਉਨ੍ਹਾਂ ਨੂੰ ਘਟਨਾ ਤੋਂ ਕਾਫ਼ੀ ਸਮਾਂ ਬਾਅਦ ’ਚ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਪੁਲੀਸ ਇਨ੍ਹਾਂ ਪਾਦਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਉਨ੍ਹਾਂ ਕਿਹਾ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੁਲੀਸ ਅਫ਼ਵਾਹਾਂ ਫੈਲਾਉਣ ਅਤੇ ਧਰਮ ਪਰਿਵਰਤਨ ਕਰਵਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰੇ। ਇਸ ਮਾਮਲੇ ’ਚ ਪੁਲੀਸ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਰਹੀ ਹੈ।
ਟਾਵਰ ਡਿੱਗਣ ਕਾਰਨ ਹੋਈ ਨਾਬਾਲਗ ਦੀ ਮੌਤ: ਪ੍ਰਧਾਨ
ਪਾਦਰੀਆਂ ਦੇ ਪਟਿਆਲਾ ਤੋਂ ਪ੍ਰਧਾਨ ਰਾਜਿੰਦਰ ਨੇ ਕਿਹਾ ਕਿ ਸਮੇਂ-ਸਮੇਂ ’ਤੇ ਉਨ੍ਹਾਂ ਦੀ ਸਭਾ ਲੱਗਦੀ ਹੈ ਜਿਸ ਵਿੱਚ ਲੋਕ ਆਪਣੇ-ਆਪ ਹੀ ਆਉਂਦੇ ਹਨ। ਉਨ੍ਹਾਂ ਕਿ ਚਰਚ ਦੀ ਥਾਂ ਵਿੱਚ ਮੋਬਾਈਲ ਟਾਵਰ ਲੱਗਿਆ ਹੋਇਆ ਸੀ ਜਿਸ ਨੂੰ ਕਿਸੇ ਵਿਅਕਤੀ ਨੇ ਨੁਕਸਾਨ ਪਹੁੰਚਾਇਆ ਸੀ। ਇਸ ਕਾਰਨ ਭਾਰੀ ਮੀਂਹ ਮਗਰੋਂ ਟਾਵਰ ਡਿੱਗ ਗਿਆ ਜਿਸ ਕਰ ਕੇ ਇਸ ਬੱਚੇ ਦੀ ਮੌਤ ਹੋ ਗਈ ਹੈ।