ਵੀਡੀਓ ਬਣਾਉਂਦਿਆਂ ਨਾਬਾਲਗ ਦੀ ਗੋਲੀ ਲੱਗਣ ਕਾਰਨ ਮੌਤ
ਕਰਮਜੀਤ ਸਿੰਘ ਚਿੱਲਾ
ਇੱਥੋਂ ਨੇੜਲੇ ਪਿੰਡ ਜੰਗਪੁਰਾ ਵਿਚ ਅੱਜ ਦੁਪਹਿਰ ਪਿਸਤੌਲ ਦੀ ਗੋਲੀ ਚੱਲਣ ਨਾਲ ਨਾਬਾਲਗ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਿੰਸਪਾਲ ਸਿੰਘ (16) ਪੁੱਤਰ ਦਰਸ਼ਨ ਸਿੰਘ, ਵਾਸੀ ਨਲਾਸ ਰੋਡ ਰਾਜਪੁਰਾ ਵਜੋਂ ਹੋਈ ਹੈ। ਮ੍ਰਿਤਕ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ। ਪਿੰਡ ਜੰਗਪੁੁਰਾ ਵਾਸੀ ਸੁਖਵਿੰਦਰ ਸਿੰਘ ਗੋਲਡੀ ਜੋ ਗੰਨਮੈਨ ਵਜੋਂ ਨੌਕਰੀ ਕਰਦਾ ਹੈ ਦੇ ਨਾਬਾਲਗ ਪੁੱਤਰ ਲਵਜੋਤ ਸਿੰਘ ਦੇ ਰਾਜਪੁਰਾ ਤੋਂ ਚਾਰ ਦੋਸਤ ਉਸ ਦੇ ਘਰ ਆਏ ਹੋਏ ਸਨ। ਸੁਖਵਿੰਦਰ ਸਿੰਘ ਗੋਲਡੀ ਨੇ ਦੱਸਿਆ ਕਿ ਉਹ ਨਿੱਜੀ ਅਦਾਰੇ ਵਿਚ ਗੰਨਮੈਨ ਵਜੋਂ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਅਤੇ ਅੱਜ ਉਹ ਸਵੇਰੇ ਅਦਾਲਤ ਵਿਚ ਜਾਣ ਕਾਰਨ ਆਪਣੀ ਲਾਇਸੈਂਸੀ ਪਿਸਤੌਲ ਅਲਮਾਰੀ ਵਿੱਚ ਰੱਖ ਕੇ ਉਸ ਨੂੰ ਜਿੰਦਰਾ ਲਗਾ ਕੇ ਪੇਸ਼ੀ ਭੁਗਤਣ ਲਈ ਚਲੇ ਗਿਆ। ਉਨ੍ਹਾਂ ਦੱਸਿਆ ਕਿ ਬੱਚਿਆਂ ਨੇ ਉਸ ਨੂੰ ਦੱਸਿਆ ਕਿ ਉਹ ਸੋਸ਼ਲ ਮੀਡੀਆ ’ਤੇ ਪਾਉਣ ਲਈ ਵੀਡੀਓ ਬਣਾ ਰਹੇ ਸਨ ਤੇ ਉਨ੍ਹਾਂ ਅਲਮਾਰੀ ਵਿੱਚੋਂ ਪਿਸਤੌਲ ਕੱਢ ਲਈ। ਇਸ ਮੌਕੇ ਵੀਡੀਓ ਬਣਾਉਣ ਵੇਲੇ ਅਚਾਨਕ ਗੋਲੀ ਚੱਲ ਗਈ, ਜਿਸ ਨਾਲ ਬੱਚੇ ਦੀ ਮੌਤ ਹੋ ਗਈ। ਨਿੱਜੀ ਹਸਪਤਾਲ ਵਿੱਚ ਮੌਜੂਦ ਮ੍ਰਿਤਕ ਪ੍ਰਿੰਸਪਾਲ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਨੇ ਦੱਸਿਆ ਕਿ ਪ੍ਰਿੰਸ ਰਾਜਪੁਰਾ ਦੇ ਮਹਿੰਦਰਾ ਗੰਜ ਸਥਿਤ ਸਰਕਾਰੀ ਸਕੂਲ ਵਿੱਚ ਦਸਵੀਂ ਜਮਾਤ ਵਿਚ ਪੜ੍ਹਦਾ ਸੀ। ਉਧਰ, ਥਾਣਾ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਲਵਜੋਤ ਸਿੰਘ ਵਾਸੀ ਜੰਗਪੁਰਾ ਦੇ ਘਰ ਰਾਜਪੁਰਾ ਅਤੇ ਉਸ ਦੇ ਨੇੜਲੇ ਪਿੰਡਾਂ ਤੋਂ ਚਾਰ ਨਾਬਾਲਗ ਲੜਕੇ ਆਏ ਸਨ। ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਨਾਬਾਲਗ ਲੜਕੇ ਦੀ ਮੌਤ ਹੋ ਗਈ। ਲਾਸ਼ ਨੂੰ ਨਿੱਜੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।