ਮੰਤਰੀਆਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ
ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਅਤੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਰਾਹਤ ਸਮੱਗਰੀ ਦੇ ਕੈਂਟਰ ਲੈ ਕੇ ਪਿੰਡ ਤੇਜਾ ਰੁਹੇਲਾ ਤੇ ਚੱਕ ਰੁਹੇਲਾ ਵਿੱਚ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕੋਲ ਖੜ੍ਹ ਕੇ ਦੁਧਾਰੂ ਪਸ਼ੂਆਂ ਲਈ ਕੈਟਲ ਫੀਡ ਦੀ ਵੰਡ ਕਰਵਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਵੀ ਗਰਭਵਤੀ ਔਰਤਾਂ, ਛੋਟੇ ਬੱਚਿਆਂ ਤੇ ਉਨ੍ਹਾਂ ਦੀਆਂ ਮਾਂਵਾਂ ਨੂੰ ਦਿੱਤੀ ਜਾਣ ਵਾਲੀ ਫੀਡ ਪਹਿਲ ਦੇ ਆਧਾਰ ’ਤੇ ਇਨ੍ਹਾਂ ਪਿੰਡਾਂ ਵਿਚ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਤਰਨ ਤਾਰਨ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਪੱਟੀ ਦੇ ਦਰਿਆ ਸਤਲੁਜ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਦੋ ਮੰਤਰੀਆਂ ਹਰਭਜਨ ਸਿੰਘ ਈਟੀਓ ਅਤੇ ਲਾਲਜੀਤ ਸਿੰਘ ਭੁੱਲਰ ਨੇ ਹਰੀਕੇ ਹੈੱਡਵਰਕਸ ਤੋਂ ਮੁੱਠਿਆਂਵਾਲਾ ਤੱਕ ਧੁੱਸੀ ਬੰਨ੍ਹ ਦਾ ਵਰ੍ਹਦੇ ਮੀਂਹ ਵਿੱਚ ਦੌਰਾ ਕੀਤਾ। ਉਨ੍ਹਾਂ ਪਿੰਡ ਘੜੁੰਮ, ਬਸਤੀ ਲਾਲ ਸਿੰਘ, ਕੁੱਤੀਵਾਲਾ, ਸਭਰਾ, ਰਾਧਲਕੇ ਅਤੇ ਮੁੱਠਿਆਂਵਾਲਾ ਦੇ ਦਰਿਆਈ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਸਰਕਾਰ ਵੱਲੋਂ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਪਿੰਡ ਸਭਰਾ ਵਿੱਚ ਸੰਪਰਦਾਇ ਕਾਰਸੇਵਾ ਸਰਹਾਲੀ ਸਾਹਿਬ ਦੀ ਅਗਵਾਈ ਹੇਠ ਸੰਗਤ ਦੇ ਸਹਿਯੋਗ ਨਾਲ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ|