ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਹਜ਼ਾਰ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ। ਸ਼ਹਿਰ ਦੇ ਦੌਰੇ ’ਤੇ ਆਏ ਮੰਤਰੀ ਇਥੇ ਬੱਸ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਵੀਆਂ ਬੱਸਾਂ ਪਾਉਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਵਾਨਗੀ ਮਿਲ ਚੁੱਕੀ ਹੈ। ਇਹ ਬੱਸਾਂ ਇੱਕ ਤੋਂ ਡੇਢ ਮਹੀਨੇ ਦੇ ਅੰਦਰ-ਅੰਦਰ ਸੜਕਾਂ ’ਤੇ ਆ ਜਾਣਗੀਆਂ। ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਫ਼ਰ ਸਹੂਲਤਾਂ ਦੇਣ ਲਈ ਬਚਨਵੱਧ ਹੈ।
ਟਰਾਂਸਪੋਰਟ ਸਟਾਫ ਦੀ ਹੜਤਾਲ ਸਬੰਧੀ ਮੰਤਰੀ ਨੇ ਕਿਹਾ ਕਿ ਪੈਪਸੂ ਤੇ ਪਨਬੱਸ ਦੇ ਡਰਾਈਵਰ ਤੇ ਕੰਡਕਟਰ ਕਿਲੋਮੀਟਰ ਸਕੀਮ ਵਾਲੀਆਂ ਹੋਰ ਬੱਸਾਂ ਪਾਉਣ ਦਾ ਵਿਰੋਧ ਕਰ ਰਹੇ ਹਨ। ਬੱਸਾਂ ਪਾਉਣ ਦਾ ਫ਼ੈਸਲਾ ਸਰਕਾਰ ਪੱਧਰ ਦਾ ਹੈ, ਜਿਸ ਵਿੱਚ ਡਰਾਈਵਰਾਂ ਤੇ ਕੰਡਕਟਰਾਂ ਨੂੰ ਦਖ਼ਲ ਨਹੀਂ ਦੇਣਾ ਚਾਹੀਦਾ। ਹੜਤਾਲ ਕਰਨ ਵਾਲੇ ਮੁਲਾਜ਼ਮ ਮਹਿਕਮੇ ਨੂੰ ਚਲਾਉਣ ਦੀਆਂ ਗੱਲਾਂ ਨਾ ਕਰਨ, ਸਗੋਂ ਆਪਣੀ ਡਿਊਟੀ ਕਰਨ। ਹੜਤਾਲ ਕਰਨ ਵਾਲੇ ਮੁਲਾਜ਼ਮਾਂ ਦੀ ਮੰਗ ਨੂੰ ਮੰਨਿਆ ਨਹੀਂ ਜਾ ਸਕਦਾ। ਮੁਲਾਜ਼ਮਾਂ ਨੂੰ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰਨਾ ਚਾਹੀਦਾ ਹੈ।
ਇਸੇ ਦੌਰਾਨ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਹਰ ਬੱਸ ਅੱਡੇ ’ਤੇ ਬੱਸਾਂ ਰੁਕਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਯੂਥ ਡਿਵੈਲਪਮੈਂਟ ਤੇ ਸਪੋਰਟਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸਮੱਸਿਆਵਾਂ ਤੇ ਮੰਗਾਂ ਸਬੰਧੀ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ। ਇਸ ਮੌਕੇ ਅਮਨਦੀਪ ਸਿੰਘ ਰੌਕੀ, ਗੁਰਸ਼ਰਨ ਸਿੰਘ ਤੇ ਹੋਰ ਵੀ ਹਾਜ਼ਰ ਸਨ।

