ਹੜ੍ਹਾਂ ਬਾਰੇ ਸਵਾਲਾਂ ਦੇ ਜਵਾਬ ਤੋਂ ਭੱਜਿਆ ਮੰਤਰੀ
ਸਰਹੱਦੀ ਖੇਤਰ ਫ਼ਾਜ਼ਿਲਕਾ ਵਿੱਚ ਹੜ੍ਹਾਂ ਦੀ ਮਾਰ ਮਗਰੋਂ ਪੰਜਾਬ ਦੇ ਮੰਤਰੀ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਆ ਰਹੇ ਹਨ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਕੱਲ੍ਹ ਤੋਂ ਇਲਾਕੇ ਵਿੱਚ ਵਿਚਰ ਰਹੇ ਹਨ। ਅੱਜ ਉਨ੍ਹਾਂ ਇੱਥੇ ਡੀਸੀ ਕੰਪਲੈਕਸ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਸ੍ਰੀ ਸੌਂਦ ਨੇ ਹੜ੍ਹ ਪੀੜਤਾਂ ਨੂੰ ਦਿੱਤੀ ਜਾ ਰਹੀ ਰਾਹਤ ਸਮੱਗਰੀ ਅਤੇ ਉਨ੍ਹਾਂ ਦੀ ਸਹੂਲਤ ਲਈ ਬਣਾਏ ਮੈਡੀਕਲ ਕੈਂਪਾਂ ਅਤੇ ਪਸ਼ੂਆਂ ਵਾਸਤੇ ਫੀਡ ਦੇਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਇਸ ਔਖੇ ਸਮੇਂ ਲੋਕਾਂ ਦੇ ਨਾਲ ਖੜ੍ਹੀ ਹੈ। ਇਸ ਦੌਰਾਨ ਮੰਤਰੀ ਨੂੰ ਜਦੋਂ ਸਰਹੱਦੀ ਖੇਤਰ ਦੇ ਹੜ੍ਹ ਪੀੜਤ ਉਸਾਰੀ ਕਿਰਤੀਆਂ ਨੂੰ ਵਿਸ਼ੇਸ਼ ਸਹਾਇਤਾ ਦੇਣ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਸਪਸ਼ਟ ਜਵਾਬ ਦੇਣ ਦੀ ਥਾਂ ਕਿਹਾ ਕਿ ਇਸ ਬਾਰੇ ਵੱਖਰੀ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਜਾਵੇਗਾ। ਪੱਤਰਕਾਰਾਂ ਨੇ ਜਦੋਂ ਦਹਾਕਿਆਂ ਤੋਂ ਹੜ੍ਹਾਂ ਅਤੇ ਜੰਗ ਦਾ ਸੰਤਾਪ ਹੰਢਾ ਰਹੇ ਲੋਕਾਂ ਦੇ ਪੱਕੇ ਹੱਲ ਸਬੰਧੀ ਸਵਾਲ ਕੀਤਾ ਤਾਂ ਮੰਤਰੀ ਨੇ ਹੜ੍ਹਾਂ ਨੂੰ ਕੁਦਰਤੀ ਕਹਿਰ ਆਖਦਿਆਂ ਪੱਕੇ ਪ੍ਰਬੰਧਾਂ ਲਈ ਕੋਈ ਜਵਾਬ ਨਾ ਦਿੱਤਾ। ਇਸੇ ਦੌਰਾਨ ਜਦੋਂ ਮੰਤਰੀ ਨੂੰ ਜ਼ਮੀਨੀ ਪੱਧਰ ਤੱਕ ਲੋਕਾਂ ਨੂੰ ਰਾਸ਼ਨ, ਪਸ਼ੂਆਂ ਲਈ ਚਾਰਾ ਅਤੇ ਹੋਰ ਸਹੂਲਤਾਂ ਨਾ ਦਿੱਤੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਪੱਤਰਕਾਰਾਂ ਤੋਂ ਜਲਦੀ ਖਹਿੜਾ ਛੁਡਾਉਣਾ ਮੁਨਾਸਿਬ ਸਮਝਿਆ। ਜ਼ਿਕਰਯੋਗ ਹੈ ਕਿ ਮੰਤਰੀ ਨੇ ਕੱਲ੍ਹ ਬੇੜੀ ’ਤੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਬਣਦੀ ਸਹਾਇਤਾ ਦੇਣ ਦਾ ਦਾਅਵਾ ਕੀਤਾ ਸੀ।
ਇਸ ਦੌਰਾਨ ਲੋਕਾਂ ਨੇ ਕਿਹਾ ਸੀ ਕਿ ਸਿਆਸੀ ਆਗੂ ਬੇੜੀਆਂ ’ਤੇ ਪਿਕਨਿਕ ਮਨਾਉਣ ਆਉਂਦੇ ਹਨ। ਉਨ੍ਹਾਂ ਨਾਲ ਸੱਤਾ ਧਿਰ ਦੇ ਵੱਡੀ ਗਿਣਤੀ ਆਗੂ ਹੋਣ ਕਰ ਕੇ ਪੀੜਤ ਲੋਕਾਂ ਦੀ ਉਨ੍ਹਾਂ ਨਾਲ ਕੋਈ ਗੱਲ ਨਹੀਂ ਹੁੰਦੀ।