ਮਿਲਟਰੀ ਲਿਟਰੇਚਰ ਫੈਸਟੀਵਲ: ‘ਭਾਰਤ ਨੇ 1965 ਦੀ ਜੰਗ ਤੋਂ ਬਹੁਤ ਕੁਝ ਸਿੱਖਿਆ’
ਭਾਰਤੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਭਾਰਤ-ਪਾਕਿਸਤਾਨ ਬਾਰੇ ਵਿਚਾਰ-ਚਰਚਾ
ਚੰਡੀਗੜ੍ਹ ਵਿੱਚ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਲੈਫਟੀਨੈਂਟ ਜਨਰਲ (ਡਾ.) ਜੇ ਐੱਸ ਚੀਮਾ, ਮੇਜਰ ਜਨਰਲ ਬੀ ਐੱਸ ਗਰੇਵਾਲ, ਏਅਰ ਵਾਈਸ ਮਾਰਸ਼ਲ (ਏ ਵੀ ਐੱਮ) ਅਰਜੁਨ ਸੁਬਰਾਮਨੀਅਮ ਅਤੇ ਬ੍ਰਿਗੇਡੀਅਰ ਸਤਿੰਦਰ ਸਿੰਘ ਵੱਲੋਂ 1965 ਦੀ ਭਾਰਤ-ਪਾਕਿਸਤਾਨ ਜੰਗ ਬਾਰੇ ਵਿਚਾਰ-ਚਰਚਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਭਾਰਤ ਨੇ 1965 ਵਿੱਚ ਭਾਰਤ-ਪਾਕਿਸਤਾਨ ਦੀ ਜੰਗ ਤੋਂ ਬਹੁਤ ਸਬਕ ਸਿੱਖੇ ਹਨ, ਜੋ ਹੁਣ ਤੱਕ ਭਾਰਤੀ ਸੈਨਾ ਦੇ ਕੰਮ ਆ ਰਹੇ ਹਨ। ਇਸੇ ਕਾਰਨ ਭਾਰਤੀ ਫ਼ੌਜ ਆਪਣੇ ਦੁਸ਼ਮਣ ਦੇਸ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ 1965 ਵਿੱਚ ਪਾਕਿਸਤਾਨ ਜੰਗ ਲਈ ਪੂਰੀ ਤਰ੍ਹਾਂ ਤਿਆਰ ਸੀ, ਜਦੋਂ ਕਿ ਭਾਰਤ 1962 ਦੀ ਚੀਨ ਨਾਲ ਹੋਈ ਜੰਗ ’ਚੋਂ ਉੱਭਰ ਰਿਹਾ ਸੀ। ਇਸੇ ਕਰ ਕੇ ਭਾਰਤ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਭਾਰਤ ਨੇ 1965 ਦੀ ਜੰਗ ’ਚੋਂ ਵਧੇਰੇ ਸਬਕ ਸਿੱਖੇ ਹਨ ਜਿਸ ਨੂੰ ਭਾਰਤੀ ਸੈਨਾ ਵੱਲੋਂ ਹੁਣ ਤੱਕ ਵਿਚਾਰਿਆ ਜਾਂਦਾ ਹੈ। ਏਅਰ ਵਾਈਸ ਮਾਰਸ਼ਲ (ਏ ਵੀ ਐੱਮ) ਅਰਜੁਨ ਸੁਬਰਾਮਨੀਅਮ ਨੇ ਕਿਹਾ ਕਿ 1965 ਦੀ ਜੰਗ ਵਿੱਚ ਭਾਰਤੀ ਜਲ ਸੈਨਾ ਨੂੰ ਹਿੱਸਾ ਨਾ ਲੈਣ ਦੇਣਾ ਜੰਗ ਦੀ ਸਭ ਤੋਂ ਵੱਡੀ ਗ਼ਲਤੀ ਹੈ। ਜੇ ਭਾਰਤੀ ਜਲ ਸੈਨਾ ਹਿੱਸਾ ਲੈਂਦੀ ਤਾਂ ਹਾਲਾਤ ਕੁਝ ਹੋਰ ਹੋ ਸਕਦੇ ਸਨ।
ਮੇਜਰ ਜਨਰਲ ਬੀ ਐੱਸ ਗਰੇਵਾਲ ਨੇ ਕਿਹਾ ਕਿ ਜੰਗ ਵਿੱਚ ਕਿਸੇ ਵੀ ਨੁਕਸਾਨ ਲਈ ਖ਼ੁਫ਼ੀਆ ਤੰਤਰ ਨੂੰ ਜ਼ਿੰਮੇਵਾਰ ਠਹਿਰਾਉਣਾ ਸਹੀ ਨਹੀਂ ਹੈ। ਬ੍ਰਿਗੇਡੀਅਰ ਸਤਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਫ਼ੌਜ ਪਹਿਲਾਂ ਦੇ ਮੁਕਾਬਲੇ ਵਧੇਰੇ ਮਜ਼ਬੂਤ ਹੋ ਚੁੱਕੀ ਹੈ ਜਿਸ ਵੱਲੋਂ ਹਾਲ ਹੀ ਵਿੱਚ ਅਪਰੇਸ਼ਨ ‘ਸਿੰਧੂਰ’ ਦੌਰਾਨ ਪਾਕਿਸਤਾਨ ਨੂੰ ਮੋੜਵਾਂ ਜਵਾਬ ਦਿੱਤਾ ਗਿਆ ਹੈ।
ਊਰਜਾ ਸੁਰੱਖਿਆ ਖੇਤਰ ਨੂੰ ਮਜ਼ਬੂਤ ਕਰਨ ’ਤੇ ਜ਼ੋਰ
ਬ੍ਰਿਗੇਡੀਅਰ ਅਰੁਣ ਸਹਿਗਲ, ਲੈਫਟੀਨੈਂਟ ਜਨਰਲ ਵਿਨੋਦ ਜੀ ਖੰਡਾਰੇ ਅਤੇ ਰਾਹੁਲ ਬੇਦੀ ਨੇ ਭਾਰਤ ਦੇ ਊਰਜਾ ਸੁਰੱਖਿਆ ਦੇ ਖੇਤਰ ਵਿੱਚ ਹਾਲਾਤ ਬਾਰੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੀ ਊਰਜਾ ਸੁਰੱਖਿਆ ਖੇਤਰ ਵਿੱਚ ਸਥਿਤੀ ਅਮਰੀਕਾ, ਚੀਨ ਤੇ ਰੂਸ ਨਾਲੋਂ ਵਧੇਰੇ ਨਾਜ਼ੁਕ ਹੈ। ਇਸ ਖੇਤਰ ਵੱਲ ਭਾਰਤ ਨੂੰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵੱਲੋਂ ਖ਼ੁਦ ਨੂੰ ਊਰਜਾ ਖੇਤਰ ਵਿੱਚ ਮਜ਼ਬੂਤ ਕੀਤਾ ਜਾ ਰਿਹਾ ਹੈ ਜਦੋਂਕਿ ਭਾਰਤ ਅੱਜ ਵੀ ਤੇਲ ਲਈ ਦੂਜੇ ਦੇਸ਼ਾਂ ’ਤੇ ਨਿਰਭਰ ਕਰ ਰਿਹਾ ਹੈ। ਲੈਫਟੀਨੈਂਟ ਜਨਰਲ ਵਿਨੋਦ ਜੀ ਖੰਡਾਰੇ ਨੇ ਕਿਹਾ ਕਿ ਭਾਰਤ ਨੂੰ ਜਾਪਾਨ ਵਰਗੇ ਦੇਸ਼ਾਂ ਤੋਂ ਸਿੱਖ ਕੇ ਆਪਣੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ। ਰਾਹੁਲ ਬੇਦੀ ਨੇ ਕਿਹਾ ਕਿ ਭਾਰਤ ਨੂੰ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹੁਨਰਮੰਦ ਮਨੁੱਖੀ ਸ਼ਕਤੀ ਦੇ ਨਿਰਮਾਣ ਦੀ ਸਮਰੱਥਾ ਵਧਾਉਣੀ ਚਾਹੀਦੀ ਹੈ।

