ਇੱਥੋਂ ਦੇ ਦੀਪ ਨਗਰ ਦੇ ਬੱਚੇ ਦੀ ਪਰਵਾਸੀ ਮਜ਼ਦੂਰ ਵੱਲੋਂ ਕੀਤੀ ਹੱਤਿਆ ਮਗਰੋਂ ਨਾਲ ਲੱਗਦੇ ਪਿੰਡ ਬਜਵਾੜਾ ਅਤੇ ਸ਼ਾਂਤੀ ਨਗਰ ਦੀਆਂ ਪੰਚਾਇਤਾਂ ਨੇ ਪਰਵਾਸੀਆਂ ਪ੍ਰਤੀ ਸਖ਼ਤ ਫੈਸਲੇ ਲੈਂਦਿਆਂ ਮਤੇ ਪਾਸ ਕੀਤੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨ ਇੱਥੋਂ ਦੇ ਦੀਪ ਨਗਰ ਦੇ ਬੱਚੇ ਹਰਵੀਰ ਸਿੰਘ (5) ਨੂੰ ਅਗਵਾ ਕਰਕੇ ਪਰਵਾਸੀ ਨੇ ਹੱਤਿਆ ਕਰਨ ਮਗਰੋਂ ਉਸ ਦੀ ਲਾਸ਼ ਸਮਸ਼ਾਨਘਾਟ ਵਿੱਚ ਸੁੱਟ ਦਿੱਤੀ ਸੀ। ਇਸ ਘਟਨਾ ਮਗਰੋਂ ਸ਼ਾਂਤੀ ਨਗਰ ਦੀ ਪੰਚਾਇਤ ਵੱਲੋਂ ਜਸਵੀਰ ਸਿੰਘ ਜੱਸੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਦੌਰਾਨ ਮਤੇ ਪਾਸ ਕੀਤੇ ਗਏ। ਮਤਿਆਂ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਜੋ ਵੀ ਪਰਵਾਸੀ ਸਾਂਤੀ ਨਗਰ ਵਿੱਚ ਨਾਜਾਇਜ਼ ਤਰੀਕੇ ਨਾਲ ਰਹਿ ਰਿਹਾ ਹੈ, ਉਹ 20 ਸਤੰਬਰ ਤੱਕ ਪਿੰਡ ਛੱਡ ਕੇ ਚਲਾ ਜਾਵੇ। ਜਿਹੜੇ ਜਾਇਜ਼ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਵੈਰੀਫਿਕੇਸ਼ਨ ਕਰਾਉਣ ਲਈ ਕਿਹਾ ਗਿਆ। ਮਤੇ ਵਿੱਚ ਕਿਹਾ ਗਿਆ ਕਿ ਜਿਨ੍ਹਾਂ ਮਕਾਨ ਮਾਲਕਾਂ ਨੇ ਪਰਵਾਸੀਆਂ ਨੂੰ ਮਕਾਨ ਕਿਰਾਏ ’ਤੇ ਦਿੱਤੇ ਹੋਏ ਹਨ, ਇਨ੍ਹਾਂ ਦੀ ਜ਼ਿੰਮੇਵਾਰੀ ਮਕਾਨ ਮਾਲਕਾਂ ਦੀ ਹੋਵੇਗੀ। ਸ਼ਾਂਤੀ ਨਗਰ ਵਿੱਚ ਕਿਸੇ ਵੀ ਪਰਵਾਸੀ ਨੂੰ ਜ਼ਮੀਨ ਨਹੀਂ ਲੈਣ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਕਿਸਮ ਦੀ ਸਰਕਾਰੀ ਸਹੂਲਤ ਦਿੱਤੀ ਜਾਵੇਗੀ।ਉਧਰ, ਬਜਵਾੜਾ ਦੇ ਸਰਪੰਚ ਰਾਜੇਸ਼ ਕੁਮਾਰ ਬੱਬੂ ਨੇ ਦੱਸਿਆ ਕਿ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਹੈ ਕਿ ਪਿੰਡ ਵਿੱਚ ਨਾ ਤਾਂ ਪਰਵਾਸੀਆਂ ਨੂੰ ਕੋਈ ਮਕਾਨ ਦਿੱਤਾ ਜਾਵੇਗਾ ਤੇ ਨਾ ਹੀ ਪਲਾਟ। ਨਾ ਇਨ੍ਹਾਂ ਦਾ ਆਧਾਰ ਕਾਰਡ ਤੇ ਹੋਰ ਕੋਈ ਕਾਗਜ਼ਾਤ ਪੰਚਾਇਤ ਵੱਲੋਂ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਪਿੰਡ ਵਾਸੀ ਨੇ ਪਰਵਾਸੀਆਂ ਨੂੰ ਪਲਾਟ ਵੇਚਿਆ ਜਾਂ ਫਿਰ ਕਿਰਾਏਦਾਰ ਬਣਾਇਆ ਤਾਂ ਸਬੰਧਤ ਪਿੰਡ ਵਾਸੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।