ਪਰਵਾਸੀ ਮਜ਼ਦੂਰਾਂ ਵੱਲੋਂ ਸੰਗਰੂਰ-ਦਿੱਲੀ ਮੁੱਖ ਮਾਰਗ ਠੱਪ
ਕਤਲ ਕੇਸ ਵਿੱਚ ਇੱਕ ਹੋਰ ਨੌਜਵਾਨ ਨੂੰ ਨਾਮਜ਼ਦ ਕਰਨ ਦੀ ਮੰਗ; ਪੁਲੀਸ ਦੇ ਭਰੋਸੇ ਮਗਰੋਂ ਧਰਨਾ ਖ਼ਤਮ
ਸਥਾਨਕ ਮਹਿਲਾ ਰੋਡ ਸਥਿਤ ਖਾਲੀ ਪਲਾਟ ਵਿੱਚ ਬੀਤੇ ਦਿਨੀਂ ਪਰਵਾਸੀ ਮਜ਼ਦੂਰ ਦੀ ਹੱਤਿਆ ਦੇ ਮਾਮਲੇ ਵਿੱਚ ਇੱਕ ਹੋਰ ਨੌਜਵਾਨ ਨੂੰ ਨਾਮਜ਼ਦ ਕਰਨ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਤੇ ਪਰਵਾਸੀ ਮਜ਼ਦੂਰਾਂ ਨੇ ਅੱਜ ਇਥੇ ਸੰਗਰੂਰ-ਦਿੱਲੀ ਮੁੱਖ ਸੜਕ ’ਤੇ ਆਵਾਜਾਈ ਠੱਪ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਦੂਜੇ ਨੌਜਵਾਨ ਨੂੰ ਕੇਸ ਵਿੱਚ ਨਾਮਜ਼ਦ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਉਹ ਮ੍ਰਿਤਕ ਦਾ ਪੋਸਟ ਮਾਰਟਮ ਨਹੀਂ ਕਰਵਾਉਣਗੇ।
ਧਰਨੇ ਦੌਰਾਨ ਮ੍ਰਿਤਕ ਅਜੇ ਕੁਮਾਰ ਦੀ ਪਤਨੀ ਸੀਮਾ ਦੇਵੀ ਨੇ ਕਿਹਾ ਕਿ ਉਸ ਦੇ ਪਤੀ ਦੇ ਕਤਲ ਦੇ ਦੋਸ਼ ਕਰਨਵੀਰ ਸਿੰਘ ਉਰਫ਼ ਵਿੱਕੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਪਰ ਇਸ ਵਾਰਦਾਤ ਵਿੱਚ ਉਸ ਨਾਲ ਇੱਕ ਹੋਰ ਨੌਜਵਾਨ ਸ਼ਾਮਲ ਸੀ, ਜਿਸ ਨੂੰ ਪੁਲੀਸ ਨੇ ਨਾਮਜ਼ਦ ਨਹੀਂ ਕੀਤਾ। ਉਸ ਨੇ ਦੋਸ਼ ਲਾਇਆ ਕਿ ਦੋਵਾਂ ਨੇ ਮਿਲ ਕੇ ਉਸ ਦੇ ਪਤੀ ਦਾ ਕਤਲ ਕੀਤਾ ਹੈ। ਧਰਨਾ ਦੇ ਰਹੇ ਲੋਕਾਂ ਨੇ ਮੰਗ ਕੀਤੀ ਕਿ ਕੇਸ ਵਿਚ ਦੂਜੇ ਨੌਜਵਾਨ ਨੂੰ ਵੀ ਨਾਮਜ਼ਦ ਕੀਤਾ ਜਾਵੇ। ਇਸ ਮੌਕੇ ਨੌਜਵਾਨ ਆਗੂ ਚਮਨਦੀਪ ਸਿੰਘ ਮਿਲਖੀ, ਹਰਜੀਤ ਸਿੰਘ ਸਿੱਧੂ ਤੇ ਹੋਰ ਮੋਹਤਬਰ ਵੀ ਪੁੱਜੇ, ਜਿੰਨ੍ਹਾਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਥਾਣਾ ਸਿਟੀ ਪੁਲੀਸ ਦੇ ਇੰਚਾਰਜ ਮਨਪ੍ਰੀਤ ਸਿੰਘ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਅਤੇ ਲਗਪਗ ਇੱਕ ਘੰਟੇ ਮਗਰੋਂ ਧਰਨਾ ਖ਼ਤਮ ਕਰਵਾਇਆ।
ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਤਲ ਦੀ ਘਟਨਾ ਨੂੰ ਇੱਕ ਨੌਜਵਾਨ ਨੇ ਹੀ ਅੰਜਾਮ ਦਿੱਤਾ ਹੈ ਅਤੇ ਪੜਤਾਲ ਦੌਰਾਨ ਦੂਜੇ ਨੌਜਵਾਨ ਦੀ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਸ਼ੱਕ ਦੂਰ ਹੋ ਗਿਆ, ਜਿਸ ਮਗਰੋਂ ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਦਿੱਤਾ ਹੈ। ਕਤਲ ਕੇਸ ਵਿਚ ਲੋੜੀਂਦੇ ਕਰਨਵੀਰ ਸਿੰਘ ਉਰਫ਼ ਵਿੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

